ਅਬੋਹਰ, 26 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਬੁੱਧੀਜੀਵੀ ਗਰੁੱਪ ਦੀ ਇਕ ਵਿਸ਼ੇਸ਼ ਮੀਟਿੰਗ ਅਰੋੜਵੰਸ਼ ਧਰਮਸ਼ਾਲਾ ਅਬੋਹਰ ਵਿਖੇ ਕੀਤੀ ਗਈ | ਜਿਸ ਵਿਚ ਮੁੱਖ ਤੌਰ 'ਤੇ ਐਡਵੋਕੇਟ ਰਵਿੰਦਰ ਸਿੰਘ ਗਿੱਲ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਸੇਵਾਮੁਕਤ ਲੈਕਚਰਾਰ ਰਾਜਾ ਰਾਮ, ਐਡਵੋਕੇਟ ਹਰਮੋਹਿੰਦਰ ਪਾਲ ਸਿੰਘ ਬਜਾਜ, ਕਿਸਾਨ ਨੇਤਾ ਸੁਖਜਿੰਦਰ ਸਿੰਘ ਰਾਜਨ ਆਦਿ ਨੇ ਸ਼ਿਰਕਤ ਕੀਤੀ | ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਗਿੱਲ ਗੱਦਾ ਡੋਬ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੁੱਝ ਮਹੱਤਵਪੂਰਨ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ | ਇਸ ਮੀਟਿੰਗ ਵਿਚ ਗੰਧਲੇ ਹੋ ਰਹੇ ਨਹਿਰੀ ਪਾਣੀ ਦੇ ਵਿਸ਼ੇ 'ਤੇ ਗੱਲ ਹੋਈ ਅਤੇ ਹੁਣ ਤੱਕ ਦੀਆਂ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵਿਚਾਰ ਨਾਲ ਚਰਚਾ ਕੀਤੀ ਗਈ | ਇਸ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਮਾਲਵੇ ਦੇ ਸ਼ਹਿਰਾਂ ਅਤੇ ਪਿੰਡਾਂ ਨੂੰ ਭਾਖੜਾ ਤੋਂ ਸਿੱਧਾ ਪਾਈਪ ਲਾਈਨ ਜਾਂ ਸਪੈਸ਼ਲ ਨਹਿਰ ਰਾਹੀਂ ਪਾਣੀ ਦੀ ਮੰਗ ਸਰਕਾਰ ਤੋਂ ਕੀਤੀ ਜਾਵੇ | ਇਸ ਦੇ ਨਾਲ ਹੀ ਵਿਰੋਧੀ ਧਿਰਾਂ ਦੇ ਪ੍ਰਧਾਨਾਂ ਨੂੰ ਵੀ ਇਹ ਲਿਖਿਆ ਜਾਵੇ ਤਾਂ ਕਿ ਇਸ ਮੁਹਿੰਮ ਨੂੰ ਅੱਗੇ ਲੈ ਜਾ ਕੇ ਸਰਕਾਰ 'ਤੇ ਦਬਾਅ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਸਮੁੱਚੇ ਮਾਲਵੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਬਾਰੇ ਵੀ ਚਰਚਾ ਕੀਤੀ ਗਈ | ਉਕਤ ਦਰਖਾਸਤ ਦੀ ਜ਼ਿੰਮੇਵਾਰੀ ਐਡਵੋਕੇਟ ਅਮਨਦੀਪ ਸਿੰਘ ਰੱਖੜਾ ਨੇ ਲਈ ਅਤੇ ਜਲਦੀ ਸੰਬੰਧਿਤ ਧਿਰਾਂ ਨੂੰ ਭੇਜ ਦਿੱਤੀ ਜਾਵੇਗੀ | ਇਸ ਸੰਬੰਧੀ ਜਲਦੀ ਹੀ ਗਰੁੱਪ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਬੁਲਾਏ ਜਾਣ ਦਾ ਮਤਾ ਵੀ ਰੱਖਿਆ ਗਿਆ |