ਹੱਥੀਂ ਮਿੱਟੀ ਦੇ ਦੀਵੇ ਅਤੇ ਮੂਰਤੀਆਂ ਘੜ ਕੇ ਪਰੰਪਰਾ ਸੰਭਾਲ ਰਿਹਾ ਬਜ਼ੁਰਗ ਨੰਦ ਕਿਸ਼ੋਰ
ਗੁਰਦਾਸਪੁਰ, 9 ਨਵੰਬਰ (ਚੱਕਰਾਜਾ)- ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿਚ ਰੌਣਕਾਂ ਹਨ ਅਤੇ ਲੋਕ ਆਪਣੇ ਘਰਾਂ ਨੂੰ ਸਜਾਉਣ ਲਈ ਤਿਆਰੀਆਂ ਵਿਚ ਜੁਟੇ ਹੋਏ ਹਨ ਉੱਥੇ ਹੀ ਇਕ ਬਜ਼ੁਰਗ ਵਿਅਕਤੀ ਨੰਦ ਕਿਸ਼ੋਰ ਅੱਜ ਦੇ ਆਧੁਨਿਕ ਤੇ ਚੀਨੀ ਸਾਮਾਨ ਦੇ ਦੌਰ ਵਿਚ ਵੀ ਆਪਣੀ ਪੁਰਾਤਨ ਕਲਾ ਨੂੰ ਜਿਉਂਦਾ ਰੱਖੇ ਹੋਏ ਹਨ । ਉਹ ਆਪਣੇ ਹੱਥੀਂ ਮਿੱਟੀ ਦੇ ਦੀਵੇ, ਦੀਵਾਲੀਆਂ ਤੇ ਧਾਰਮਿਕ ਮੂਰਤੀਆਂ ਤਿਆਰ ਕਰਦੇ ਹਨ, ਉਨ੍ਹਾਂ ’ਤੇ ਖੁਦ ਰੰਗ ਪੇਂਟ ਕਰਦੇ ਹਨ ਅਤੇ ‘ਆਪ’ ਹੀ ਬਾਜ਼ਾਰ ਵਿਚ ਵੇਚਦੇ ਹਨ ।
ਗੁਰਦਾਸਪੁਰ, 9 ਨਵੰਬਰ (ਚੱਕਰਾਜਾ)- ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿਚ ਰੌਣਕਾਂ ਹਨ ਅਤੇ ਲੋਕ ਆਪਣੇ ਘਰਾਂ ਨੂੰ ਸਜਾਉਣ ਲਈ ਤਿਆਰੀਆਂ ਵਿਚ ਜੁਟੇ ਹੋਏ ਹਨ ਉੱਥੇ ਹੀ ਇਕ ਬਜ਼ੁਰਗ ਵਿਅਕਤੀ ਨੰਦ ਕਿਸ਼ੋਰ ਅੱਜ ਦੇ ਆਧੁਨਿਕ ਤੇ ਚੀਨੀ ਸਾਮਾਨ ਦੇ ਦੌਰ ਵਿਚ ਵੀ ਆਪਣੀ ਪੁਰਾਤਨ ਕਲਾ ਨੂੰ ਜਿਉਂਦਾ ਰੱਖੇ ਹੋਏ ਹਨ । ਉਹ ਆਪਣੇ ਹੱਥੀਂ ਮਿੱਟੀ ਦੇ ਦੀਵੇ, ਦੀਵਾਲੀਆਂ ਤੇ ਧਾਰਮਿਕ ਮੂਰਤੀਆਂ ਤਿਆਰ ਕਰਦੇ ਹਨ, ਉਨ੍ਹਾਂ ’ਤੇ ਖੁਦ ਰੰਗ ਪੇਂਟ ਕਰਦੇ ਹਨ ਅਤੇ ‘ਆਪ’ ਹੀ ਬਾਜ਼ਾਰ ਵਿਚ ਵੇਚਦੇ ਹਨ । ਮੀਡੀਆ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਨੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ । ਉਨ੍ਹਾਂ ਦੱਸਿਆ ਕਿ ਮਿੱਟੀ ਤੋਂ ਚੀਜ਼ਾਂ ਬਣਾਉਣ ਦੀ ਇਹ ਕਲਾ ਉਨ੍ਹਾਂ ਨੇ ਕਿਸੇ ਸੰਸਥਾ ਤੋਂ ਨਹੀਂ, ਸਗੋਂ ਆਪਣੇ ਪਿਤਾ ਕੋਲੋਂ ਸਿੱਖੀ ਸੀ । ਬਚਪਨ ਵਿਚ ਆਪਣੇ ਪਿਤਾ ਨੂੰ ਮਿੱਟੀ ਨਾਲ ਸਿਰਜਣਾ ਕਰਦਿਆਂ ਵੇਖ ਕੇ ਉਨ੍ਹਾਂ ਦੇ ਮਨ ਵਿਚ ਵੀ ਇਹ ਸ਼ੌਕ ਪੈਦਾ ਹੋਇਆ । ਪਿਤਾ ਤੋਂ ਮਿਲੀ ਇਸ ਪ੍ਰੇਰਨਾ ਨਾਲ ਹੀ ਉਨ੍ਹਾਂ ਨੇ ਦੀਵਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਤੱਕ ਇਸ ਕੰਮ ਨੂੰ ਪੂਰੀ ਸ਼ਰਧਾ ਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ । ਬਜ਼ੁਰਗ ਅਨੁਸਾਰ ਉਹ ਬਾਜ਼ਾਰ ਤੋਂ ਰੈਡੀਮੇਡ ਮਾਲ ਲਿਆ ਕੇ ਵੇਚਣ ਦੀ ਬਜਾਏ ਆਪ ਮਿੱਟੀ ਲਿਆ ਕੇ ਚਾਕ ਤੇ ਦੀਵੇ ਅਤੇ ਮੂਰਤੀਆਂ ਘੜਦੇ ਹਨ । ਇਸ ਤੋਂ ਬਾਅਦ ਉਨ੍ਹਾਂ ਨੂੰ ਪਕਾਇਆ ਜਾਂਦਾ ਹੈ ਤੇ ਵੱਖ-ਵੱਖ ਆਕਰਸ਼ਕ ਰੰਗਾਂ ਨਾਲ ਸਜਾਇਆ ਜਾਂਦਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਹੱਥੀਂ ਤਿਆਰ ਕੀਤੇ ਮਿੱਟੀ ਦੇ ਦੀਵਿਆਂ ਵਿਚ ਜੋ ਪਵਿੱਤਰਤਾ ਤੇ ਮੋਹ ਹੁੰਦਾ ਹੈ, ਉਹ ਪਲਾਸਟਿਕ ਜਾਂ ਲਾਈਟਾਂ ਵਿਚ ਨਹੀਂ ਮਿਲ ਸਕਦਾ । ਅੱਜ-ਕੱਲ੍ਹ ਦੀਵਾਲੀ ’ਤੇ ਬਾਜ਼ਾਰਾਂ ਵਿਚ ਚੀਨੀ ਲੜੀਆਂ ਤੇ ਬਣਾਉਟੀ ਸਜਾਵਟੀ ਸਾਮਾਨ ਦੀ ਭਰਮਾਰ ਹੈ, ਜਿਸ ਨਾਲ ਛੋਟੇ ਕਾਰੀਗਰਾਂ ਦੇ ਰੁਜ਼ਗਾਰ ’ਤੇ ਕਾਫ਼ੀ ਅਸਰ ਪਿਆ ਹੈ । ਇਸ ਸਭ ਦੇ ਬਾਵਜੂਦ ਬਜ਼ੁਰਗ ਦਾ ਜਜ਼ਬਾ ਘੱਟ ਨਹੀਂ ਹੋਇਆ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਤਿਉਹਾਰਾਂ ’ਤੇ ਦੇਸੀ ਅਤੇ ਮਿੱਟੀ ਦੇ ਬਣੇ ਦੀਵੇ ਖਰੀਦਣ ਪੁਰਾਤਨ ਕਲਚਰ ਵੀ ਬਚਿਆ ਰਹੇ ਤੇ ਹੱਥੀਂ ਮਿਹਨਤ ਕਰਨ ਵਾਲੇ ਕਾਰੀਗਰਾਂ ਦੇ ਘਰਾਂ ਵਿਚ ਵੀ ਦੀਵਾਲੀ ਦੀ ਰੌਸ਼ਨੀ ਹੋ ਸਕੇ। ਇਸ ਬਜ਼ੁਰਗ ਦੀ ਮਿਹਨਤ ਅਤੇ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਜਜ਼ਬਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਵੱਡੀ ਪ੍ਰੇਰਨਾ ਹੈ ।