ਗੁਰਦਾਸਪੁਰ, 23 ਜੁਲਾਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਦੇ ਪਿੰਡਾਂ ’ਚ ਦਿਨ ਦਿਹਾੜੇ ਚੋਰੀਆਂ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਪਿੰਡ ਕੱਤੋਵਾਲ ਵਿਖੇ ਵੀ ਇਕ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਇਸ ਸਬੰਧੀ ਸ਼ੁਭਮ ਪੁੱਤਰ ਰਾਕੇਸ਼ ਕੁਮਾਰ ਪਿੰਡ ਨਿਹਾਲਪੁਰ ਥਾਣਾ ਸ਼ਾਹਪੁਰ ਕੰਢੀ ਨੇ ਦੱਸਿਆ ਕਿ ਉਪ ਆਪਣੇ ਸਹੁਰੇ ਕੱਤੋਵਾਲ ਆਇਆ ਸੀ ਕਿ ਘਰ ਦੇ ਬਾਹਰ ਮੋਟਰਸਾਈਕਲ ਨੰਬਰ ਪੀ.ਬੀ.35.ਏ.ਐਨ.9416 ਖੜ੍ਹਾ ਕੀਤਾ ਸੀ ਕਿ ਪਿੰਡ ਦਾ ਨਸ਼ੇੜੀ ਕਿਸਮ ਦਾ ਨੌਜਵਾਨ ਸ਼ਭਮ ਉਰਫ ਗਿਚੀ ਪੁੱਤਰ ਤੀਰਥ ਰਾਮ ਵਾਸੀ ਕੱਤੋਵਾਲ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਤੇ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਉਸ ਦਾ ਪਿੱਛਾ ਕਰਕੇ ਕੁਝ ਹੀ ਦੂਰੀ ਤੋਂ ਉਸ ਨੂੰ ਫੜ ਲਿਆ। ਉਸ ਨੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਵੀ ਉਤਾਰ ਲਈਆਂ ਸਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡਾਂ ਅੰਦਰ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ। ਪਰ ਪੁਲਿਸ ਕਿਸੇ ਵੀ ਚੋਰ ਨੂੰ ਨਹੀਂ ਫੜ ਸਕੀ। ਪਿੰਡ ਦੇ ਲੋਕਾਂ ਨੇ ਉਕਤ ਚੋਰ ਨੂੰ ਫੜ ਕੇ ਸ਼ਾਲਾ ਪੁਲਿਸ ਹਵਾਲੇ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ੇੜੀ ਸ਼ੁਭਮ ਨੂੰ ਕੁਝ ਦਿਨ ਪਹਿਲਾਂ ਨਸ਼ਾ ਕਰਨ ਦੇ ਦੋਸ਼ ਹੇਠ ਪੁਲਿਸ ਨੇ ਕਾਬੂ ਕੀਤਾ ਸੀ। ਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਕਰਕੇ ਇਲਾਕੇ ਦੇ ਲੋਕ ਅਸੰਤੁਸ਼ਟ ਹਨ। ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਇਲਾਕੇ ਅੰਦਰ ਚੋਰੀਆਂ ਨੂੰ ਠੱਲ੍ਹ ਪੈ ਸਕੇ।