ਡੇਰਾ ਬਾਬਾ ਨਾਨਕ, 23 ਜੁਲਾਈ (ਹੀਰਾ ਸਿੰਘ ਮਾਂਗਟ)-ਬਰਸਾਤਾਂ ਕਾਰਨ ਰਾਵੀ ਦਰਿਆ ਵਿਚ ਵਧੇ ਪਾਣੀ ਦੇ ਪੱਧਰ, ਧੁੱਸੀ ਬੰਨਾਂ ਤੇ ਹੜ੍ਹਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਸਮੇਤ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਪੁੱਜੇ, ਜਿੱਥੇ ਉਨ੍ਹਾਂ ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਬਰਸਾਤਾਂ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਥੋੜਾ ਜਿਹਾ ਜ਼ਰੂਰ ਵਧਿਆ ਹੈ, ਪਰ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨਾਂ ਵਲੋਂ ਇਨ੍ਹਾਂ ਧੁੱਸੀ ਬੰਨ੍ਹਾਂ ਉੱਤੇ ਪੂਰੀ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦੇ ਨਜ਼ਦੀਕ ਜਿੱਥੇ ਅੱਜ ਉਹ ਨਿਰੀਖਣ ਕਰ ਰਹੇ ਹਨ, ਇਥੇ ਪਿਛਲੇ ਸਾਲ ਪਾੜ ਪੈਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਬੰਨ੍ਹ ਦਾ ਜਾਇਜ਼ਾ ਲੈਣ ਵਾਸਤੇ ਵਾਸਤੇ ਉਹ ਡਰੇਨਿੰਗ ਵਿਭਾਗ, ਮਾਲ ਵਿਭਾਗ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਸਮੇਤ ਇਥੇ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਸ ਰਾਵੀ ਦਰਿਆ ਦੀ ਪਾਣੀ ਦੀ ਸਮਰੱਥਾ 7 ਤੋਂ 8 ਲੱਖ ਕਿਊਸਕ ਹੈ, ਜਦਕਿ ਪਿਛਲੇ ਸਾਲ 14 ਤੋਂ 15 ਲੱਖ ਕਿਊਸਕ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਧੁੱਸੀ ਬੰਨਾਂ ਵਿਚ ਪਾੜ ਪੈ ਗਿਆ ਸੀ ਤੇ ਸਾਨੂੰ ਹੜ੍ਹਾਂ ਵਰਗੇ ਹਾਲਾਤ ਵੇਖਣੇ ਪਏ। ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਵਜ੍ਹਾ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੱਬ ਨਾ ਕਰੇ, ਜੇ ਕੋਈ ਹੜਾਂ ਵਰਗੀ ਆਪਤ ਦੁਬਾਰਾ ਆਉਂਦੀ ਹੈ ਤੇ ਸਰਕਾਰ ਵਲੋਂ ਇਸ ਆਫਤ ਨਾਲ ਨਜਿੱਠਣ ਵਾਸਤੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਬੰਧਾਂ ਲਈ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨਾਂ ਵਲੋਂ ਧੁੱਸੀ ਬੰਨ੍ਹਾਂ ’ਤੇ 24 ਘੰਟੇ ਨਿਗ੍ਹਾ ਰੱਖੀ ਜਾ ਰਹੀ ਹੈ। ਰੰਧਾਵਾ ਨੇ ਦੱਸਿਆ ਕਿ ਇਕ-ਦੋ ਥਾਵਾਂ ’ਤੇ ਥੋੜੀ ਕਮਜ਼ੋਰੀ ਦੇਖੀ ਗਈ, ਜਿਸ ਨੂੰ ਤੁਰੰਤ ਠੀਕ ਕਰਨ ਵਾਸਤੇ ਹਦਾਇਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜੀ.ਐਮ. ਸੰਦੀਪ ਮਹਾਜਨ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਜੀ.ਐਮ. ਸੰਦੀਪ ਜੈਤੋਈ ਮਹਾਜਨ, ਰਾਹੁਲ ਮਹਾਜਨ ਐਸ.ਡੀ.ਓ. ਡਰੇਨਿੰਗ ਵਿਭਾਗ, ਮੈਨੇਜਰ ਮਨਜੀਤ ਸਿੰਘ ਕੋਰੀਡੋਰ, ਨਾਇਬ ਤਹਸੀਲਦਾਰ ਕੁਲਵੰਤ ਸਿੰਘ, ਬੀਡੀਪੀਓ ਸੁਰਜੀਤ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਗੁਰਾਇਆ, ਲਵਪ੍ਰੀਤ ਸਿੰਘ ਪੀਏ, ਸਰਬਜੀਤ ਸਿੰਘ ਰੀਡਰ, ਜਸਵੰਤ ਸਿਘ ਦਾਲਮ ਕਾਨੂੰਗੋ, ਗੁਰਦੀਪ ਸਿੰਘ ਕਾਨੂੰਗੋ, ਹਰਜੀਤ ਰਾਏ ਪਟਵਾਰੀ, ਸੁਖਜਿੰਦਰ ਸਿੰਘ ਪਟਵਾਰੀ ਤੇ ਹਰਪ੍ਰੀਤ ਸਿੰਘ ਲਾਲੀ ਪਟਵਾਰੀ ਸਮੇਤ ਵੱਡੀ ਗਿਣਤੀ ਵਿਚ ਪ੍ਰਸ਼ਾਸਨ ਅਧਿਕਾਰੀ ਹਾਜ਼ਰ ਸਨ।