10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੱਕੀ ਨਾਲੇ ਡਰੇਨ ਸਕੇਪ ਦੀ ਸਫ਼ਾਈ ਨਾ ਹੋਣ ਕਰਕੇ ਬਰਸਾਤ ਦੇ ਪਾਣੀ ’ਚ ਡੁੱਬੀਆਂ ਫ਼ਸਲਾਂ - ਕਿਸਾਨ ਚਿੰਤਤ

ਅਜੀਤ ਡੈਸਕ 23-07-2026
ਕੋਟਲੀ ਸੂਰਤ ਮੱਲ੍ਹੀ, 22 ਜੂਨ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਸਬਾ ਕੋਟਲੀ ਸੂਰਤ ਮੱਲ੍ਹੀ, ਪਿੰਡ ਖਵਾਜਾ ਵਰਦਗ (ਡੇਰਾ ਪਠਾਣਾ), ਢਿਲਵਾਂ, ਅਲੀਨੰਗਲ, ਜੀਵਨ ਨੰਗਲ, ਰਣਸੀਕਾ ਤੱਲਾ, ਨਬੀਨਗਰ, ਦੇਹੜ, ਅਠਵਾਲ, ਭੁੱਲਰ, ਮਲਕਪੁਰ ਤੇ ਸ਼ਿਕਾਰ ਮਾਛੀਆਂ ਆਦਿ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਡਰੇਨ ਸਕੇਪ ਦੀ ਪਿਛਲੇ ਲੰਮੇ ਸਮੇਂ ਤੋਂ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰਕੇ ਕਈ ਕਿਸਾਨਾਂ ਦੀਆਂ ਫ਼ਸਲਾਂ ਬਰਸਾਤ ਦੇ ਪਾਣੀ ’ਚ ਡੁੱਬ ਗਈਆਂ ਹਨ, ਜਿਸ ਕਰ ਕੇ ਕਿਸਾਨਾਂ ’ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਸਰਪੰਚ ਸਾਹਿਬ ਸਿੰਘ ਜੀਵਨ ਨੰਗਲ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ, ਜਸਵੰਤ ਸਿੰਘ ਆੜ੍ਹਤੀ, ਜਸਪਾਲ ਸਿੰਘ ਮੱਲ੍ਹੀ, ਸਰਪੰਚ ਰਣਦੀਪ ਸਿੰਘ, ਜਸਬੀਰ ਸਿੰਘ ਡੇਰਾ ਪਠਾਣਾ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਮੁਹਤਬਰ ਆਗੂਆਂ ਨੇ ਦੱਸਿਆ ਕਿ ਉਕਤ ਪਿੰਡਾਂ ਦੇ ਛੰਬ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਦੀ ਪਿਛਲੇ ਸਮੇਂ ਤੋਂ ਸਫਾਈ ਨਹੀਂ ਕਰਵਾਈ ਗਈ, ਜਿਸ ਕਰਕੇ ਬਰਸਾਤ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਖੜ ਗਿਆ ਹੈ ਤੇ ਕਈ ਨੀਵੀਆਂ ਜਗ੍ਹਾ ’ਤੇ ਫ਼ਸਲਾਂ ਪਾਣੀ ’ਚ ਡੁੱਬ ਗਈਆਂ ਹਨ। ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਸਰਕਾਰ ਵਲੋਂ ਡਰੇਨਾਂ ਦੀ ਸਫ਼ਾਈ ਦਾ ਸਮਾਂ ਸ਼ਾਰਨੀ ਤਿਆਰ ਹੁੰਦਾ ਹੈ, ਪਰ ਇਸ ਡਰੇਨ ਦੀ ਸਫ਼ਾਈ ਨਹੀਂ ਕਰਵਾਈ ਗਈ, ਜਿਸ ਕਰਕੇ ਬਰਸਾਤ ਦੇ ਪਾਣੀ ਦਾ ਅੱਗੇ ਨਿਕਾਸ ਨਹੀਂ ਹੋ ਰਿਹਾ ਤੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਕ ਹਾਈਵੇਅ ਬਹੁਤ ਉੱਚਾ ਬਣ ਗਿਆ ਹੈ ਤੇ ਉਪਰੋਂ ਸਾਰਾ ਬਰਸਾਤ ਦਾ ਪਾਣੀ ਛੰਭ ਵਿਚ ਆ ਜਾਂਦਾ ਹੈ, ਜਿਸ ਕਰ ਕੇ ਫ਼ਸਲਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ, ਪਰ ਅਧਿਕਾਰੀ ਇਸ ਪਾਸੇ ਕੋਈ ਤਵੱਜੋਂ ਨਹੀਂ ਦਿੰਦੇ, ਜਿਸ ਕਰ ਕੇ ਫ਼ਸਲਾਂ ਤਬਾਹ ਹੋਣ ਨਾਲ ਕਿਸਾਨ ਕਰਜ਼ਿਆਂ ਦੇ ਜੰਜਾਲ ਵਿਚ ਫ਼ਸ ਰਹੇ ਹਨ। ਇਲਾਕੇ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਮੇਤ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਮੌਕਾ ਦੇਖਿਆ ਜਾਵੇ ਤੇ ਇਸ ਸੱਕੀ ਨਾਲੇ ਦੀ ਸਹੀ ਢੰਗ ਨਾਲ ਸਫ਼ਾਈ ਕਰਵਾ ਕੇ ਝੋਨੇ ਦੀ ਫ਼ਸਲ ਨੂੰ ਬਰਸਾਤ ਦੇ ਪਾਣੀ ਤੋਂ ਬਚਾਇਆ ਜਾਵੇ।
ਪਿਛਲੀ ਖ਼ਬਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਅਨੰਦ ਲੈਣ ਵਾਲਿਆਂ ਨੂੰ ਬਿੱਲ ਭਰਨ ਦਾ ਸਤਾ ਰਿਹਾ ਹੈ ਡਰ ਅਗਲੀ ਖ਼ਬਰ ਪਿੰਡ ਚਾਹਗਿੱਲ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।