ਦੀਨਾਨਗਰ, 14 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਐਸ.ਸੀ ਮੋਰਚਾ ਦੀ ਸੂਬਾ ਸਕੱਤਰ ਤੇ ਦੀਨਾਨਗਰ ਦੀ ਹਲਕਾ ਇੰਚਾਰਜ ਰੇਣੂ ਕਸ਼ਯਪ ਦੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਐਸ.ਆਈ.ਆਰ ਸਬੰਧੀ ਇਕ ਵਿਵਾਦਿਤ ਵੀਡਿਓ ਉੱਪਰ ਤਿੱਖੀ ਟਿਪੱਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਇਸ ਵੀਡਿਓ ਨੂੰ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਨੂੰ ਜਾਹਿਰ ਕਰਦਾ ਬਿਆਨ ਕਰਾਰ ਦਿੱਤਾ ਹੈ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਹੋਰ ਸੀਨੀਅਰ ਆਗੂ ਪਹਿਲਾਂ ਹੀ ਐਸ.ਆਈ.ਆਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਰੋਧੀਆਂ ਖਿਲਾਫ ਵਰਤੇ ਜਾਣ ਵਾਲੇ ਹਥਿਆਰ ਵਜੋਂ ਵੇਖ ਰਹੇ ਹਨ ਅਤੇ ਸਖਤ ਵਿਰੋਧ ਵੀ ਕਰ ਰਹੇ ਹਨ। ਪਰ ਹੁਣ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਭਾਜਪਾ ਆਗੂ ਦੀ ਇਸ ਵੀਡਿਓ ਨੇ ਭਾਰਤੀ ਜਨਤਾ ਪਾਰਟੀ ਦੇ ਇਰਾਦਿਆਂ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਚ ਵੀ ਲੱਖਾਂ ਦੀ ਗਿਣਤੀ ਵਿਚ ਵੋਟਾਂ ਕੱਟ ਕੇ ਧੋਖੇ ਨਾਲ ਰਾਜ ਹਾਸਲ ਕੀਤਾ ਹੈ। ਪਰ ਪੰਜਾਬ ਦੇ ਲੋਕ ਚੁਕੰਨੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਵੀਡਿਓ ਵਿਚ ਜਿਸ ਤਰ੍ਹਾਂ ਭਾਜਪਾ ਦੀ ਆਗੂ ਵਿਧਾਨ ਸਭਾ ਵਿਚ ਜਿੱਤ ਹਾਸਲ ਕਰਨ ਲਈ ਅਪਣੇ ਵਰਕਰਾਂ ਨੂੰ ਸਿਰਫ ਇਕ ਵਿਧਾਨ ਸਭਾ ਹਲਕੇ ’ਚੋਂ ਵੀਹ ਪੱਚੀ ਹਜਾਰ ਵੋਟਾਂ ਕਟਵਾਉਣ ਦੀ ਗੱਲ ਆਖ ਰਹੀ ਹੈ, ਉਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੱਤਾ ਹਥਿਆਉਣ ਲਈ ਕਿਹੜੇ ਕਿਹੜੇ ਹੱਥਕੰਡੇ ਵਰਤ ਸਕਦੀ ਹੈ।