17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਘਰੋਟਾ ਇਲਾਕੇ 'ਚ ਜੰਗਲਾਤ ਵਿਭਾਗ ਦੀ ਸਰਕਾਰੀ ਨਰਸਰੀ ਖੋਲ੍ਹਣ ਦੀ ਮੰਗ ਤੇਜ਼ <br/>

ਅਜੀਤ ਡੈਸਕ 30-05-2026
ਘਰੋਟਾ, 29 ਮਈ (ਸੰਜੀਵ ਗੁਪਤਾ)-ਘਰੋਟਾ ਇਲਾਕੇ 'ਚ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੀ ਸਰਕਾਰੀ ਨਰਸਰੀ ਸਥਾਪਤ ਕਰਨ ਦੀ ਮੰਗ ਇਕ ਵਾਰ ਫਿਰ ਤੇਜ਼ ਹੋ ਗਈ | ਇਲਾਕੇ ਦੀਆਂ ਸਮਾਜਿਕ ਸੰਸਥਾਵਾਂ, ਪੰਚਾਇਤੀ ਨੁਮਾਇੰਦਿਆਂ ਤੇ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਪਿਛਲੇ ਕਰੀਬ 15 ਸਾਲਾਂ ਤੋਂ ਇਹ ਮੰਗ ਲਗਾਤਾਰ ਉਠਾਈ ਜਾ ਰਹੀ ਹੈ, ਪਰ ਅਜੇ ਤੱਕ ਵਿਭਾਗ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਤੋਂ ਲੋਕਾਂ ਨੂੰ ਕਾਫ਼ੀ ਉਮੀਦਾਂ ਹਨ ਤੇ ਉਹ ਜ਼ਰੂਰ ਇਲਾਕੇ ਦੀ ਇਸ ਪੁਰਾਣੀ ਮੰਗ ਨੂੰ ਪੂਰਾ ਕਰਨਗੇ | ਪ੍ਰਾਪਤ ਜਾਣਕਾਰੀ ਅਨੁਸਾਰ ਘਰੋਟਾ ਬਲਾਕ ਹੈੱਡ ਕੁਆਟਰ ਹੋਣ ਦੇ ਬਾਵਜੂਦ ਇੱਥੇ ਜੰਗਲਾਤ ਵਿਭਾਗ ਦੀ ਕੋਈ ਸਰਕਾਰੀ ਨਰਸਰੀ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਬੂਟੇ ਲੈਣ ਲਈ ਦੂਰ-ਦਰਾਜ਼ ਦੀਆਂ ਨਰਸਰੀਆਂ ਦਾ ਰੁੱਖ ਕਰਨਾ ਪੈਂਦਾ ਹੈ ਜਾਂ ਫਿਰ ਮਜਬੂਰੀ ਵੱਸ ਨਿੱਜੀ ਨਰਸਰੀਆਂ ਤੋਂ ਮਹਿੰਗੇ ਭਾਅ 'ਤੇ ਬੂਟੇ ਖ਼ਰੀਦਣੇ ਪੈਂਦੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਘਰੋਟਾ ਜਾਂ ਭੀਮਪੁਰ ਪੁਲ ਦੇ ਨੇੜੇ ਕਿਸੇ ਉਚਿੱਤ ਥਾਂ 'ਤੇ ਜੰਗਲਾਤ ਵਿਭਾਗ ਦੀ ਸਰਕਾਰੀ ਨਰਸਰੀ ਸਥਾਪਤ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆਸਾਨੀ ਨਾਲ ਬੂਟੇ ਉਪਲੱਬਧ ਹੋ ਸਕਣ | ਇਸ ਸਬੰਧੀ ਕਈ ਵਾਰ ਸਬੰਧਿਤ ਵਿਭਾਗ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਨਰਸਰੀ ਦੀ ਲੋੜ ਪਹਿਲਾਂ ਨਾਲੋਂ ਕਾਫ਼ੀ ਵੱਧ ਗਈ ਹੈ | ਲਗਾਤਾਰ ਵੱਧ ਰਹੀ ਗਰਮੀ, ਘਟਦਾ ਭੂ-ਜਲ ਪੱਧਰ ਤੇ ਵਾਤਾਵਰਨ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ | ਅਜਿਹੇ ਹਾਲਾਤਾਂ 'ਚ ਜੇਕਰ ਇਲਾਕੇ ਵਿਚ ਸਰਕਾਰੀ ਨਰਸਰੀ ਖੁੱਲ੍ਹਦੀ ਹੈ, ਤਾਂ ਲੋਕਾਂ ਨੂੰ ਸਸਤੇ ਅਤੇ ਗੁਣਵੱਤਾ ਵਾਲੇ ਬੂਟੇ ਮਿਲ ਸਕਣਗੇ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਨੂੰ ਪ੍ਰੋਤਸਾਹਨ ਮਿਲੇਗਾ | ਜੁਗਲ ਪਗੋਤਰਾ, ਧੀਰ ਸਿੰਘ ਸਿੱਧੂ, ਅਸ਼ੋਕ ਕੁਮਾਰ, ਰਾਮ ਕਿਸ਼ਨ, ਅਜੇ ਕੁਮਾਰ, ਰਾਜ ਪਾਲ ਅਤੇ ਜਸਵਿੰਦਰ ਆਦਿ ਨੇ ਕਿਹਾ ਕਿ ਸਰਕਾਰੀ ਨਰਸਰੀ ਖੁੱਲ੍ਹਣ ਨਾਲ ਸਕੂਲਾਂ, ਪੰਚਾਇਤਾਂ, ਸਮਾਜਿਕ ਸੰਸਥਾਵਾਂ ਅਤੇ ਕਿਸਾਨਾਂ ਨੂੰ ਵੀ ਵੱਡਾ ਲਾਭ ਮਿਲੇਗਾ | ਪਿੰਡਾਂ ਵਿਚ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ ਆਸਾਨੀ ਨਾਲ ਉਪਲੱਬਧ ਹੋ ਸਕਣਗੇ | ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰੇ, ਖੇਤਾਂ, ਧਾਰਮਿਕ ਸਥਾਨਾਂ ਤੇ ਜਨਤਕ ਥਾਵਾਂ 'ਤੇ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਉਣਾ ਵੀ ਸੌਖਾ ਹੋ ਜਾਵੇਗਾ | ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਤੋਂ ਮੰਗ ਕੀਤੀ ਹੈ ਕਿ ਘਰੋਟਾ ਖੇਤਰ ਦੀ ਇਸ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਵਾਤਾਵਰਨ ਸੰਭਾਲ ਮੁਹਿੰਮ ਨੂੰ ਵੀ ਮਜ਼ਬੂਤੀ ਮਿਲ ਸਕੇ |ਟੀਕੇ17


ਪਿਛਲੀ ਖ਼ਬਰ ਸ੍ਰੀ ਸਾਈ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਖੇ 8ਵਾਂ ਦੀਕਸ਼ਾਂਤ ਸਮਾਗਮ ਸ਼ਾਨਦਾਰ ਢੰਗ ਨਾਲ ਸਮਾਪਤ <br/> ਅਗਲੀ ਖ਼ਬਰ ਸੈਰ ਸਪਾਟੇ 'ਤੇ ਆਉਣ ਵਾਲੇ ਯਾਤਰੀ ਰੇਲਿੰਗ ਪਾਰ ਕਰਨ ਨੂੰ ਖ਼ਤਰੇ 'ਚ ਪਾ ਕੇ ਨਹਿਰ 'ਚ ਧੋ ਰਹੇ ਹੱਥ ਮੂੰਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।