ਕਾਹਨੂੰਵਾਨ, 31 ਮਾਰਚ (ਨਿਸ਼ਾਨ ਸਿੰਘ ਚਾਹਲ, ਜਸਪਾਲ ਸਿੰਘ ਸੰਧੂ)-ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਦਾ ਕੰਮ ਅੱਜ ਮੁਕੰਮਲ ਹੋ ਗਿਆ | ਇਸ ਚੋਣ ਦੇ ਦੌਰਾਨ ਕਾਂਗਰਸ ਪਾਰਟੀ ਦੀ ਹੋਈ ਇਕ ਪਾਸੜ ਜਿੱਤ ਵਿਚ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਹੈਪੀ ਨੂੰ ਬਲਾਕ ਸੰਮਤੀ ਕਾਹਨੂੰਵਾਨ ਦਾ ਚੇਅਰਮੈਨ ਅਤੇ ਕਾਂਗਰਸ ਸਮਰਥਕ ਬੀਬੀ ਸਿਮਰਜੀਤ ਕੌਰ ਨੂੰ ਉਪ ਚੇਅਰਪਰਸਨ ਚੁਣ ਲਿਆ ਗਿਆ | ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿਖੇ ਹੋਈ ਇਸ ਚੋਣ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਹਾਜ਼ਰ ਰਹੇ | ਇਸ ਚੋਣ ਦੇ ਦੌਰਾਨ ਸੱਤਾਧਾਰੀ ਪਾਰਟੀ ਜਾਂ ਕਿਸੇ ਹੋਰ ਰਾਜਨੀਤਿਕ ਪਾਰਟੀ ਦਾ ਕੋਈ ਵੀ ਆਗੂ ਜਾਂ ਉਮੀਦਵਾਰ ਮੌਜ਼ੂਦ ਨਹੀਂ ਸੀ, ਜਿਸ ਕਰ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਇਕ ਪਾਸੜ ਜਿੱਤ ਹੋਈ ਹੈ | ਇਸ ਮੌਕੇ ਕਾਂਗਰਸ ਪਾਰਟੀ ਦੇ ਕੇਵਲ 10 ਉਮੀਦਵਾਰ ਹੀ ਹਾਜ਼ਰ ਸਨ, ਜਿਨ੍ਹਾਂ ਨੇ ਸਰਬਸੰਮਤੀ ਨਾਲ ਜ਼ਿਲ੍ਹਾ ਅਬਜਰਵਰਾਂ ਦੀ ਹਾਜ਼ਰੀ ਵਿਚ ਸੁਖਦੇਵ ਸਿੰਘ ਹੈਪੀ ਨੂੰ ਬਲਾਕ ਸੰਮਤੀ ਕਾਹਨੂੰਵਾਨ ਦਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਦੀ ਪਤਨੀ ਬੀਬਾ ਸਿਮਰਜੀਤ ਕੌਰ ਸਲਾਹਪੁਰ ਬੇਟ ਨੂੰ ਉਪ ਚੇਅਰਪਰਸਨ ਵਜੋਂ ਨਿਯੁਕਤ ਕੀਤਾ | ਇਸ ਮੌਕੇ ਬਲਾਕ ਸੰਮਤੀ ਦੇ ਨਵ-ਨਿਯੁਕਤ ਚੇਅਰਮੈਨ ਸੁਖਦੇਵ ਸਿੰਘ ਹੈਪੀ ਅਤੇ ਉਪ ਚੇਅਰਮੈਨ ਬੀਬਾ ਸਿਮਰਜੀਤ ਕੌਰ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਸਮੇਤ ਕਾਂਗਰਸ ਸਮਰਥਕਾਂ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਮਾਣ ਸਤਿਕਾਰ ਦੇ ਹਮੇਸ਼ਾਂ ਰਿਣੀ ਰਹਿਣਗੇ ਅਤੇ ਪਾਰਟੀ ਦੀਆਂ ਉਮੀਦਾਂ 'ਤੇ ਆਮ ਲੋਕਾਂ ਦੀਆਂ ਆਸਾਂ ਉੱਤੇ ਖਰੇ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ | ਇਸ ਮੌਕੇ ਉੱਤਮ ਸਿੰਘ, ਮਲਕੀਤ ਸਿੰਘ ਨੈਣੇਕੋਟ ਤੇ ਲਖਵਿੰਦਰ ਸਿੰਘ ਜਾਗੋਵਾਲ ਸਮੇਤ ਵੱਡੀ ਗਿਣਤੀ ਵਿਚ ਹਲਕਾ ਕਾਦੀਆਂ ਦੇ ਦਰਜਾ-ਬ-ਦਰਜਾ ਕਾਂਗਰਸੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |