20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪ੍ਰਸਿੱਧ ਵਿਦਵਾਨ ਡਾ. ਰਣਜੀਤ ਸਿੰਘ ਬਾਜਵਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 29-03-2026
ਬਟਾਲਾ, 28 ਮਾਰਚ (ਸਤਿੰਦਰ ਸਿੰਘ)- ਮੂਲ ਤੌਰ 'ਤੇ ਕਾਦੀਆਂ ਦੇ ਰਹਿਣ ਵਾਲੇ ਤੇ ਇੱਥੇ ਹੀ ਵਿਦਿਆ ਪ੍ਰਾਪਤ ਕਰਨ ਵਾਲੇ ਮਸ਼ਹੂਰ ਲੋਕ-ਗੀਤ ਵਿਚਾਰਕ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ, ਤਿੰਨ ਭਾਸ਼ਾਵਾਂ ਦੇ ਗਿਆਤਾ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ ਚੇਅਰਮੈਨ ਡਾ. ਰਣਜੀਤ ਸਿੰਘ ਬਾਜਵਾ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ | ਉਹ ਕਲਾਸਵਾਲਾ ਖਾਲਸਾ ਸਕੂਲ ਕਾਦੀਆਂ ਦੀ ਪ੍ਰਬੰਧਕ ਕਮੇਟੀ ਦੇ ਲਗਪਗ 50 ਸਾਲ ਤੱਕ ਸਰਗਰਮ ਮੈਂਬਰ ਰਹੇ | ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਦੇ ਡਾਇਰੈਕਟਰ ਤੇ ਸਾਬਕਾ ਮੀਡੀਆ ਸਲਾਹਕਾਰ (ਪੰਜਾਬ) ਮਨੋਹਰ ਲਾਲ ਸ਼ਰਮਾ (ਰਾਸ਼ਟਰੀ ਇਨਾਮ ਜੇਤੂ) ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ | ਸਕੂਲ ਦੀ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਕਲਾਸਵਾਲਾ ਖਾਲਸਾ ਸਕੂਲ ਕਾਦੀਆਂ ਦੇ ਪਿ੍ੰਸੀਪਲ ਨੇ ਸਟਾਫ ਤੇ ਵਿਦਿਆਰਥੀਆਂ ਨਾਲ ਮਿਲ ਕੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਡਾ. ਰਣਜੀਤ ਸਿੰਘ ਬਾਜਵਾ ਇਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ | ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਲੈਕਚਰਾਰ ਵੀ ਰਹੇ | ਉਨ੍ਹਾਂ ਦੇ ਲਿਖੇ ਲੇਖ ਕਈ ਪ੍ਰਸਿੱਧ ਜਰਨਲਾਂ 'ਚ ਪ੍ਰਕਾਸ਼ਿਤ ਹੋਏ ਤੇ ਉਨ੍ਹਾਂ ਨੇ ਕਈ ਪੁਸਤਕਾਂ ਦੀ ਰਚਨਾ ਕੀਤੀ | 80 ਸਾਲ ਦੀ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਸਰਗਰਮ ਰਹੇ | ਕਰੀਬ ਇਕ ਸਾਲ ਪਹਿਲਾਂ ਹੀ ਉਨ੍ਹਾਂ ਦੀ ਭਾਰਤੀ ਸਿਨੇਮਾ ਉੱਤੇ ਲਿਖੀ ਕਿਤਾਬ ਪ੍ਰਕਾਸ਼ਿਤ ਹੋਈ ਸੀ | ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ਼ ਪੂਰੇ ਪੰਜਾਬ, ਸਗੋਂ ਖਾਸ ਤੌਰ 'ਤੇ ਕਾਦੀਆਂ ਖੇਤਰ ਨੂੰ ਵਿਸ਼ੇਸ਼ ਨੁਕਸਾਨ ਪਹੁੰਚਿਆ ਹੈ |
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਅਧਿਆਪਕ ਪੀ.ਐੱਸ. ਚਾਹਲ ਨੂੰ ਸਨੇਹ ਭਰੀ ਵਿਦਾਇਗੀ ਅਗਲੀ ਖ਼ਬਰ ਐੱਸ.ਡੀ.ਐੱਸ. ਮੈਮੋਰੀਅਲ ਹਾਈ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।