04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਡੀਜ਼ਲ ਪੈਟਰੋਲ ਦੀ ਖ਼ਰੀਦ ਨੂੰ ਲੈ ਕੇ ਲੋਕਾਂ ਅੰਦਰ ਹਫ਼ੜਾ ਦਫ਼ੜੀ ਦਾ ਮਾਹੌਲ

ਅਜੀਤ ਡੈਸਕ 28-03-2026
ਦੀਨਾਨਗਰ, 27 ਮਾਰਚ (ਸ਼ਾਮ ਸਿੰਘ ਘੁੰਮਣ)- ਇਜ਼ਰਾਈਲ, ਅਮਰੀਕਾ ਅਤੇ ਈਰਾਨ ਜੰਗ ਦੌਰਾਨ ਪੈਟਰੋਲੀਅਮ ਪਦਾਰਥਾਂ ਦੀ ਕਿੱਲਤ ਦੀਆਂ ਅਫ਼ਵਾਹਾਂ ਨੇ ਲੋਕਾਂ ਅੰਦਰ ਹੜਕੰਪ ਮਚਾ ਦਿੱਤਾ ਹੈ | ਹਾਲਾਂਕਿ ਸਰਕਾਰਾਂ ਅਜਿਹੀ ਕਿਸੇ ਗੱਲ ਨੂੰ ਨਕਾਰ ਰਹੀਆਂ ਹਨ ਪਰ ਲੋਕਾਂ ਅੰਦਰ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਹਾਸਲ ਕਰਨ ਨੂੰ ਲੈ ਕੇ ਹਫ਼ੜਾ ਦਫ਼ੜੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਅਜਿਹਾ ਹੀ ਕੁਝ ਨਜ਼ਾਰਾ ਅੱਜ ਦਿਨ ਨਿਕਲਦੇ ਸਾਰ ਹੀ ਦੀਨਾਨਗਰ ਖੇਤਰ ਦੇ ਪੈਟਰੋਲ ਪੰਪਾਂ ਉੱਪਰ ਦੇਖਣ ਨੂੰ ਮਿਲਿਆ, ਜਿੱਥੇ ਲੋਕ ਡੀਜ਼ਲ ਤੇ ਪੈਟਰੋਲ ਲੈਣ ਲਈ ਲੰਮੀਆਂ ਕਤਾਰਾਂ 'ਚ ਲੱਗੇ ਇਕ ਦੂਜੇ ਤੋਂ ਕਾਹਲੇ ਨਜ਼ਰ ਆਏ | ਹਾਲਾਤ ਇਹ ਬਣ ਗਏ ਕਿ ਕਈ ਪੈਟਰੋਲ ਪੰਪ ਦੁਪਹਿਰ ਤੱਕ ਖ਼ਾਲੀ ਹੋ ਗਏ | ਇਹੋ ਜਿਹੇ ਹੀ ਹਾਲਾਤ ਗੈਸ ਏਜੰਸੀਆਂ ਦੇ ਬਣੇ ਹੋਏ ਹਨ ਜਿੱਥੇ ਲੋਕ ਗੈਸ ਸਿਲੰਡਰ ਹਾਸਲ ਕਰਨ ਲਈ ਵਾਹੋਦਾਹੀ ਦੌੜਦੇ ਨਜ਼ਰ ਆ ਰਹੇ ਹਨ ਤੇ ਗੈਸ ਸਿਲੰਡਰ ਹਾਸਲ ਕਰਨ ਲਈ ਖੱਜਲ ਖ਼ੁਆਰ ਹੋ ਰਹੇ ਹਨ | ਦੀਨਾਨਗਰ ਖੇਤਰ ਦੇ ਪੈਟਰੋਲ ਪੰਪਾਂ ਉੱਪਰ ਹਫ਼ੜਾ ਦਫ਼ੜੀ ਦਾ ਇਹ ਮਾਹੌਲ ਅੱਜ ਉਦੋਂ ਹੋਰ ਜ਼ਿਆਦਾ ਵੱਧ ਗਿਆ, ਜਦੋਂ ਕੁਝ ਇਕ ਪੈਟਰੋਲ ਪੰਪ ਵਾਲਿਆਂ ਵਲੋਂ ਲੋਕਾਂ ਨੂੰ ਮੰਗ ਅਨੁਸਾਰ ਡੀਜ਼ਲ-ਪੈਟਰੋਲ ਦੇਣ ਦੀ ਥਾਂ ਸੀਮਤ ਮਾਤਰਾ ਵਿਚ ਡੀਜ਼ਲ ਤੇ ਪੈਟਰੋਲ ਦੇਣਾ ਸ਼ੁਰੂ ਕਰ ਦਿੱਤਾ ਗਿਆ | ਹਾਲਾਂਕਿ ਉਕਤ ਪੈਟਰੋਲ ਪੰਪ ਪ੍ਰਬੰਧਕਾਂ ਅਨੁਸਾਰ ਸੀਮਤ ਮਾਤਰਾ ਵਿਚ ਡੀਜ਼ਲ-ਪੈਟਰੋਲ ਦੇਣ ਦਾ ਫ਼ੈਸਲਾ ਉਨ੍ਹਾਂ ਨੇ ਆਪਣੇ ਸਟਾਕ ਅਨੁਸਾਰ ਕੀਤਾ ਹੈ ਤਾਂ ਕਿ ਕਤਾਰਾਂ 'ਚ ਖੜ੍ਹੇ ਵੱਧ ਤੋਂ ਵੱਧ ਲੋਕਾਂ ਨੂੰ ਡੀਜ਼ਲ-ਪੈਟਰੋਲ ਮਿਲ ਸਕੇ ਪਰ ਦੁਪਹਿਰ ਹੁੰਦਿਆਂ ਹੁੰਦਿਆਂ ਹਾਲਾਤ ਇਹ ਬਣ ਗਏ ਕਿ ਸ਼ਹਿਰ ਦੇ ਕਈ ਪੈਟਰੋਲ ਪੰਪ ਖ਼ਾਲੀ ਹੋ ਗਏ | ਦੀਨਾਨਗਰ ਦੇ ਸਰਾਫ਼ ਫਿਲਿੰਗ ਸਟੇਸ਼ਨ ਦੇ ਵਿਵੇਕ ਸਰਾਫ਼ ਅਨੁਸਾਰ ਉਨ੍ਹਾਂ ਕੋਲ ਅਗਲੇ ਤਿੰਨ ਦਿਨ ਲਈ ਪੈਟਰੋਲ ਤੇ ਡੀਜ਼ਲ ਦਾ ਸਟਾਕ ਮੌਜੂਦ ਸੀ ਪਰ ਲੋਕਾਂ ਅੰਦਰ ਫੈਲੀ ਹਫ਼ੜਾ ਦਫ਼ੜੀ ਕਾਰਨ ਸਾਰਾ ਸਟਾਕ ਦੁਪਹਿਰ ਤੱਕ ਹੀ ਖ਼ਤਮ ਹੋ ਗਿਆ | ਵਿਵੇਕ ਸਰਾਫ਼ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕੰਪਨੀਆਂ ਕੋਲ ਡੀਜ਼ਲ ਪੈਟਰੋਲ ਦੀ ਕੋਈ ਕਮੀ ਨਹੀਂ ਹੈ ਤੇ ਕੁਝ ਹੀ ਘੰਟਿਆਂ ਮਗਰੋਂ ਫਿਰ ਤੋਂ ਉਹ ਲੋਕਾਂ ਲਈ ਡੀਜ਼ਲ-ਪੈਟਰੋਲ ਉਪਲੱਬਧ ਕਰਵਾ ਦੇਣਗੇ |
ਪਿਛਲੀ ਖ਼ਬਰ ਬਲਾਕ ਸੰਮਤੀ ਧਾਰੀਵਾਲ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਮੁਲਤਵੀ ਹੋਈ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ ਦੇ ਸੁੱਕੇ ਦੁੱਧ ਦੇ ਸੈਂਪਲ ਫੇਲ੍ਹ ਹੋ ਜਾਣ ਕਾਰਨ ਸਹਿਕਾਰਤਾ ਨੂੰ ਇਕ ਹੋਰ ਭਾਰੀ ਸੱਟ ਵੱਜੀ-ਤਲਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।