16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

-ਮਾਮਲਾ ਜ਼ਿਲ੍ਹੇ 'ਚ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਦੇ ਆਰਜ਼ੀ ਪ੍ਰਬੰਧ ਦੇ ਮਹੀਨਾ ਪਹਿਲਾਂ ਜਾਰੀ ਕੀਤੇ ਹੁਕਮਾਂ ਦਾ- ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਹੁਣ ਤੱਕ ਨਹੀਂ ਕੀਤੀ ਇਨ੍ਹਾਂ ਹੁਕਮਾਂ 'ਤੇ ਕੋਈ ਕਾਰਵਾਈ

ਅਜੀਤ ਡੈਸਕ 02-02-2026
ਗੁਰਦਾਸਪੁਰ, 1 ਫਰਵਰੀ (ਗੁਰਪ੍ਰਤਾਪ ਸਿੰਘ)-ਸਿੱਖਿਆ ਵਿਭਾਗ ਦੇ ਡਾਇਰੈਕਟਰ ਵਲੋਂ 1 ਜਨਵਰੀ 2026 ਨੂੰ ਪੱਤਰ ਜਾਰੀ ਕਰਕੇ ਜ਼ਿਲੇ੍ਹ 'ਚ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਦੇ ਆਰਜ਼ੀ ਪ੍ਰਬੰਧ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਸਨ | ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਵੱਖ-ਵੱਖ ਕਾਰਨਾਂ ਕਰਕੇ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਵਧਦੀ ਰਹਿੰਦੀ ਹੈ | ਜਿਸ ਕਰਕੇ ਅਧਿਆਪਕਾਂ ਦੀ ਤਾਇਨਾਤੀ 'ਚ ਅਸਮਾਨਤਾ ਆ ਜਾਂਦੀ ਹੈ | ਉਨ੍ਹਾਂ ਲਿਖਿਆ ਕਿ ਯੂਡਾਈਸ ਤੇ ਈ ਪੰਜਾਬ ਡਾਟਾ ਘੋਖਣ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਕੁੱਝ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਤੁਲਨਾਤਮਿਕ ਤੌਰ 'ਤੇ ਵੱਧ ਜਾਂ ਘੱਟ ਹੈ | ਜਿਸ ਨੂੰ ਦੇਖਦੇ ਹੋਏ ਤੇ ਸਕੂਲਾਂ 'ਚ ਬੱਚਿਆਂ ਤੇ ਅਧਿਆਪਕਾਂ ਦੀ ਗਿਣਤੀ ਦੀ ਅਸਮਾਨਤਾ ਨੂੰ ਦੂਰ ਕਰਨ ਲਈ ਉਨ੍ਹਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਰਜ਼ੀ ਤੌਰ 'ਤੇ ਅਧਿਆਪਕਾਂ ਦੇ ਪ੍ਰਬੰਧ ਕਰਨ ਲਈ ਲਿਖਿਆ ਗਿਆ ਸੀ | ਉਨ੍ਹਾਂ ਵਲੋਂ ਜਾਰੀ ਕੀਤੇ ਗਏ ਪੱਤਰ 1/20251032807/1 'ਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਇਹ ਆਰਜ਼ੀ ਪ੍ਰਬੰਧ ਵਿੱਦਿਅਕ ਵਰੇ੍ਹ ਲਈ ਕੀਤੇ ਜਾਣਗੇ | ਉਨ੍ਹਾਂ ਵਲੋਂ ਜਾਰੀ ਕੀਤੇ ਗਏ ਇਸ ਪੱਤਰ 'ਚ ਪੂਰਾ ਖਰੜਾ ਤਿਆਰ ਕਰਕੇ ਦਿੱਤਾ ਗਿਆ ਸੀ ਕਿ 20 ਵਿਦਿਆਰਥੀਆਂ ਤੱਕ ਵਾਲੇ ਸਕੂਲ 'ਚ 1 ਅਧਿਆਪਕ, 21 ਤੋਂ 60 ਵਿਦਿਆਰਥੀਆਂ ਵਾਲੇ ਸਕੂਲ 'ਚ 2 ਅਧਿਆਪਕਾਂ, 61 ਤੋਂ 90 ਵਿਦਿਆਰਥੀਆਂ ਵਾਲੇ ਸਕੂਲ ਵਿਚ 4 ਅਧਿਆਪਕਾਂ ਤੇ ਇਸੇ ਤਰ੍ਹਾਂ ਪੱਤਰ ਵਿਚ ਦਿੱਤੇ ਗਏ ਟੇਬਲ ਦੇ ਆਧਾਰ 'ਤੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ, ਤਾਂ ਜੋ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ | ਪੱਤਰ 'ਚ ਇਹ ਵੀ ਲਿਖਿਆ ਗਿਆ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਹਰ ਤਿਮਾਹੀ ਇਨ੍ਹਾਂ ਆਰਜ਼ੀ ਪ੍ਰਬੰਧਾਂ ਦਾ ਰਿਵਿਊ ਕਰਨਗੇ ਤੇ ਇਸ ਦੀ ਜਾਣਕਾਰੀ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣਗੇ | ਗੱਲ ਵਿੱਦਿਅਕ ਵਰੇ੍ਹ 2025-26 ਦੀ ਕਰੀਏ ਤਾਂ ਇਹ ਪੱਤਰ ਵਿੱਦਿਅਕ ਵਰੇ੍ਹ ਦੇ ਆਖ਼ਰੀ ਤਿਮਾਹੀ ਹਿੱਸੇ ਵਿਚ ਜਾਰੀ ਕੀਤਾ ਗਿਆ ਸੀ | ਸਕੂਲਾਂ 'ਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਇਸ ਪੱਤਰ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ | ਪਰ ਬਚਦੀ ਇਸ ਤਿਮਾਹੀ ਵਿਚੋਂ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਸ ਪੱਤਰ ਉੱਪਰ ਕੋਈ ਅਮਲ ਨਹੀਂ ਕੀਤਾ ਗਿਆ ਹੈ | ਜਿਸ ਦਾ ਸਿੱਧਾ ਨੁਕਸਾਨ ਸਕੂਲੀ ਬੱਚਿਆਂ ਨੂੰ ਝੱਲਣਾ ਪੈ ਰਿਹਾ ਹੈ | ਇਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਭਾਗ ਵਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਉਨ੍ਹਾਂ 'ਤੇ ਸਹੀ ਕਾਰਵਾਈ ਨਹੀਂ ਕਰ ਰਹੇ ਹਨ | ਗੁਰਦਾਸਪੁਰ ਨਾਲ ਸਬੰਧਿਤ ਬਹੁਤ ਸਾਰੇ ਅਜਿਹੇ ਸਕੂਲ ਹਨ, ਜਿਨ੍ਹਾਂ ਵਿਚ ਬੱਚੇ ਤਾਂ ਜ਼ਿਆਦਾ ਹਨ, ਪਰ ਅਧਿਆਪਕਾਂ ਦੀ ਕਮੀ ਹੈ ਤੇ ਕੁਝ ਸਕੂਲ ਅਜਿਹੇ ਵੀ ਹਨ ਜਿਨ੍ਹਾਂ ਵਿਚ ਮਹਿਜ਼ ਕੁਝ ਬੱਚੇ ਹੋਣ ਦੇ ਬਾਵਜੂਦ ਕਈ ਅਧਿਆਪਕ ਸੇਵਾ ਨਿਭਾਅ ਰਹੇ ਹਨ | ਇਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਛਾਪਿਆਂਵਾਲੀ ਬਟਾਲਾ ਜਿਸ 'ਚ ਕਰੀਬ 10 ਬੱਚਿਆਂ ਤੇ 3 ਅਧਿਆਪਕ ਸੇਵਾ ਨਿਭਾਅ ਰਹੇ ਹਨ, ਸਰਕਾਰੀ ਪ੍ਰਾਇਮਰੀ ਸਕੂਲ ਰਖਿਆ ਬਟਾਲਾ ਜਿਸ 'ਚ ਕਰੀਬ 15 ਵਿਦਿਆਰਥੀਆਂ ਤੇ 4 ਅਧਿਆਪਕ ਸੇਵਾ ਨਿਭਾਅ ਰਹੇ ਹਨ, ਸਰਕਾਰੀ ਪ੍ਰਾਇਮਰੀ ਸਕੂਲ ਕੁੱਲੀਆਂ ਦੀਨਾਨਗਰ ਜਿਸ 'ਚ ਕਰੀਬ 40 ਵਿਦਿਆਰਥੀਆਂ ਤੇ 4 ਅਧਿਆਪਕ ਸੇਵਾ ਨਿਭਾਅ ਰਹੇ ਹਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਅਨੰਦਪੁਰ ਦੀਨਾਨਗਰ ਜਿਸ 'ਚ ਕਰੀਬ 12 ਵਿਦਿਆਰਥੀਆਂ ਤੇ ਦੋ ਅਧਿਆਪਕ ਸੇਵਾ ਨਿਭਾਅ ਰਹੇ ਹਨ, ਨੂੰ ਉਦਾਹਰਨ ਵਜੋਂ ਦੇਖਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਕੂਲ ਹਨ ਜਿਨ੍ਹਾਂ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਗਿਣਤੀ ਵਿਚ ਵੱਡੀ ਅਸਮਾਨਤਾ ਹੈ | ਬੱਚਿਆਂ ਦੀ ਪੜ੍ਹਾਈ ਨੰੂ ਮੁੱਖ ਰੱਖ ਕੇ ਵਿਭਾਗ ਵਲੋਂ ਜਾਰੀ ਕੀਤੇ ਗਏ ਇਸ ਪੱਤਰ 'ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ |
ਪਿਛਲੀ ਖ਼ਬਰ ਸ਼ਹੀਦ ਬਾਬਾ ਨੌਧ ਸਿੰਘ ਦਾ ਜੋੜ ਮੇਲਾ 15 ਨੂੰ ਮਨਾਇਆ ਜਾਵੇਗਾ-ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇ... ਅਗਲੀ ਖ਼ਬਰ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।