ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ- ਭੁੱਟਾ
ਕਿਸਾਨਾਂ ਦੀਆਂ ਮਿੱਤਰ ਸਹਿਕਾਰੀ ਸਭਾਵਾਂ ’ਤੇ ਥੋਪੇ ਜਾ ਰਹੇ ਹਨ, ਬੇਲੋੜੇ ਨਵੇਂ ਕਾਨੂੰਨ
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ’ਤੇ ਸੂਬੇ ਦੀਆਂ ਸਹਿਕਾਰੀ ਸਭਾਵਾਂ ’ਤੇ ਬਿਨਾਂ ਮਤਲਬ ਦੇ ਬੇਲੋੜੇ ਨਵੇਂ ਕਾਨੂੰਨ ਥੋਪਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਹਿਕਾਰੀ ਸਭਾਵਾਂ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਗਏ ਸਨ ਜਿਸ ਕਾਰਨ ਇਹ ਸਭਾਵਾਂ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਸਨ, ਪਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਸਭਾਵਾਂ ਨੂੰ ਹੀ ਖ਼ਤਮ ਕਰਨ ਦੇ ਰਾਹ ਤੁਰੀ ਹੋਈ ਹੈ।
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ’ਤੇ ਸੂਬੇ ਦੀਆਂ ਸਹਿਕਾਰੀ ਸਭਾਵਾਂ ’ਤੇ ਬਿਨਾਂ ਮਤਲਬ ਦੇ ਬੇਲੋੜੇ ਨਵੇਂ ਕਾਨੂੰਨ ਥੋਪਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਹਿਕਾਰੀ ਸਭਾਵਾਂ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਗਏ ਸਨ ਜਿਸ ਕਾਰਨ ਇਹ ਸਭਾਵਾਂ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਸਨ, ਪਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਸਭਾਵਾਂ ਨੂੰ ਹੀ ਖ਼ਤਮ ਕਰਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਉਹ ਦੱਸਣ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਹਿਕਾਰਤਾ ਨੂੰ ਉੱਪਰ ਚੁੱਕਣ ਵਾਸਤੇ ਇੱਕ ਵੀ ਕਦਮ ਕਿਉਂ ਨਹੀਂ ਚੁੱਕਿਆ? ਇਸ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਸਹਿਕਾਰੀ ਸਭਾਵਾਂ ਨੂੰ ਬਿਲਕੁਲ ਹੀ ਅਣਗੌਲਿਆ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਹੇਠ ਕਰਜ਼ਾ ਲਿਮਟ ਵਿਚ ਸ਼ਰਤਾਂ ਸਖ਼ਤ ਕਰ ਦਿੱਤੀਆਂ ਗਈਆਂ ਹਨ, ਵਿਆਜ ਵਧਾ ਦਿੱਤਾ ਗਿਆ ਹੈ, ਜਦਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਮੁਨਾਫ਼ਾ 2 ਫ਼ੀਸਦੀ ਤੋਂ ਘਟਾ ਕੇ 0.5 ਫ਼ੀਸਦੀ ਕਰ ਦਿੱਤਾ ਹੈ, ਅਜਿਹੇ ਵਿਚ ਸਭਾਵਾਂ ਜਲਦੀ ਹੀ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਜਾਣਗੀਆਂ। ਭੁੱਟਾ ਨੇ ਕਿਹਾ ਕਿ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਤੇ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੱਦ ਕਰਜਿਆਂ ਵਿਚ ਪੰਜਾਬ ਸਰਕਾਰ ਦੁਆਰਾ ਨਵੇਂ ਤੇ ਸਖ਼ਤ ਫੇਰ ਬਦਲਾਂ ਨਾਲ ਪਹਿਲਾਂ ਹੀ ਆਰਥਿਕ ਮੰਦਹਾਲੀ ਅਤੇ ਕੁਦਰਤੀ ਆਫ਼ਤਾਂ ਨਾਲ ਜੂਝ ਰਹੇ ਕਿਸਾਨ ਦੀ ਖੱਜਲ ਖ਼ੁਆਰੀ ਹੋਰ ਵਧੇਗੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕਾਂ, ਸਭਾਵਾਂ ਵਲੋਂ 2 ਲੱਖ ਤੋਂ ਵੱਧ ਕਰਜ਼ਾ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਤੇ ਫ਼ਰਦ ਵਿਚ ਐਂਟਰੀ ਲਾਜ਼ਮੀ ਬਣਾ ਦਿੱਤੀ ਗਈ ਹੈ, 3 ਲੱਖ ਤੋਂ ਉੱਪਰ ਰਿਆਇਤੀ ਦਰਾਂ ਵਧਾ ਕੇ ਨਵੀਂ ਸ਼ਰਤ/ਬਦਲਾਅ ਹੇਠ 11 ਫ਼ੀਸਦੀ ਵਿਆਜ ਪੈਣਾ ਸ਼ੁਰੂ ਹੋਵੇਗਾ। ਅਜਿਹਾ ਹੋਣ ਨਾਲ ਕਿਸਾਨ ਸਹਿਕਾਰੀ ਸਭਾ ਤੋਂ ਦੂਰ ਹੋ ਜਾਣਗੇ ਤੇ ਨਿੱਜੀ ਸ਼ਾਹੂਕਾਰ ਆਪਣੀ ਮਨ ਮਰਜ਼ੀ ਦੇ ਵਿਆਜ ਦਰ ਵਸੂਲ ਕੇ ਕਿਸਾਨਾਂ ਦੀ ਲੁੱਟ ਕਰਨਗੇ। ਇਸ ਮੌਕੇ ਬਲਜੀਤ ਸਿੰਘ ਖ਼ਾਲਸਾ ਸ਼ਹਿਰੀ ਪ੍ਰਧਾਨ ਐੱਸ.ਸੀ ਵਿੰਗ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਸੋਢੀ, ਹਰਪ੍ਰੀਤ ਸਿੰਘ ਸ਼ਹਿਰੀ ਪ੍ਰਧਾਨ ਸਰਹਿੰਦ ਸ਼ਹਿਰ, ਸੂਰਜ ਪ੍ਰਕਾਸ਼ ਵੀ ਹਾਜ਼ਰ ਸਨ।