ਵਿਧੀ ਚੰਦ ਕਾਲੋਨੀ ’ਚ ਘਰ ’ਚੋਂ ਵਿਅਕਤੀ ਦੀ ਲਾਸ਼ ਮਿਲੀ
ਮੰਡੀ ਗੋਬਿੰਦਗੜ੍ਹ, 28 ਸਤੰਬਰ (ਰਾਜੇਸ਼ ਸ਼ਰਮਾ)- ਸਥਾਨਕ ਵਿਧੀ ਚੰਦ ਕਾਲੋਨੀ ਵਿਖੇ ਇਕ ਘਰ ’ਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਹਰਵੀਰ ਸਿੰਘ ਪੁੱਤਰ ਖਜ਼ਾਨਾ ਸਿੰਘ ਵਜੋਂ ਹੋਈ ਹੈ।
ਘ
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ। ਅਜੀਤ ਤਸਵੀਰ
29-09-2026
ਮੰਡੀ ਗੋਬਿੰਦਗੜ੍ਹ, 28 ਸਤੰਬਰ (ਰਾਜੇਸ਼ ਸ਼ਰਮਾ)- ਸਥਾਨਕ ਵਿਧੀ ਚੰਦ ਕਾਲੋਨੀ ਵਿਖੇ ਇਕ ਘਰ ’ਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਹਰਵੀਰ ਸਿੰਘ ਪੁੱਤਰ ਖਜ਼ਾਨਾ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ ਨੂੰ ਕਤਲ ਦੱਸਦਿਆਂ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਓਧਰ, ਜਿਸ ਵਿਅਕਤੀ ’ਤੇ ਪਰਿਵਾਰ ਵਲੋਂ ਦੋਸ਼ ਲਗਾਏ ਗਏ ਹਨ, ਉਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਮ੍ਰਿਤਕ ਦੇ ਪੁੱਤਰ ਆਕਾਸ਼ ਨੇ ਦੱਸਿਆ ਕਿ ਕਥਿਤ ਦੋਸ਼ੀ ਇਮਰਾਨ ਅੰਸਾਰੀ ਆਪਣੇ ਕੁਝ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੂੰ ਤੇ ਉਸ ਦੇ ਪਿਤਾ ਹਰਵੀਰ ਸਿੰਘ ਨੂੰ ਗੋਦਾਮ ਲੈ ਗਿਆ। ਉਸ ਨੇ ਦੋਸ਼ ਲਗਾਇਆ ਕਿ ਉੱਥੇ ਉਸ ਦੇ ਭਰਾ ਵਿਕਾਸ ’ਤੇ ਚੋਰੀ ਦਾ ਦੋਸ਼ ਲਗਾ ਕੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਆਕਾਸ਼ ਅਨੁਸਾਰ ਇਸ ਦੌਰਾਨ ਉਸ ਦਾ ਪਿਤਾ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਹਰਵੀਰ ਨੂੰ ਛੱਡ ਦਿੱਤਾ ਗਿਆ, ਜਦਕਿ ਉਸ ਨੂੰ ਗੋਦਾਮ ਵਿਚ ਰੋਕ ਕੇ ਰੱਖਿਆ ਗਿਆ। ਮ੍ਰਿਤਕ ਦੀ ਭਰਜਾਈ ਅਨੀਤਾ ਰਾਣੀ ਨੇ ਦੱਸਿਆ ਕਿ ਇਮਰਾਨ ਅੰਸਾਰੀ ਸਵੇਰੇ ਕਰੀਬ 8 ਵਜੇ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਸਾਲੇ ਨੂੰ ਧਮਕੀਆਂ ਦੇ ਕੇ ਚਲਾ ਗਿਆ। ਉਸ ਨੇ ਦੱਸਿਆ ਕਿ ਕਰੀਬ ਸਾਢੇ 11 ਵਜੇ ਉਹ ਮੁੜ ਆਇਆ ਅਤੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦੀ ਪੋਤੀ ਹਰਵੀਰ ਦੇ ਘਰ ਖਾਣਾ ਦੇਣ ਗਈ ਤਾਂ ਉਸ ਨੇ ਹਰਵੀਰ ਨੂੰ ਜ਼ਮੀਨ ’ਤੇ ਪਿਆ ਦੇਖਿਆ। ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੀ ਅਤੇ ਕੌਂਸਲਰ ਨੂੰ ਜਾਣਕਾਰੀ ਦਿੱਤੀ। ਦੂਜੇ ਪਾਸੇ ਇਮਰਾਨ ਅੰਸਾਰੀ ਨੇ ਆਪਣੇ ’ਤੇ ਲੱਗੇ ਅਗਵਾ ਜਾਂ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਰਵੀਰ ਸਿੰਘ ਦੇ ਪੁੱਤਰ ਵਿਕਾਸ ਅਤੇ ਆਕਾਸ਼ ਕਰੀਬ ਛੇ ਮਹੀਨਿਆਂ ਤੋਂ ਉਸ ਦੇ ਗੋਦਾਮ ’ਚ ਕੰਮ ਕਰਦੇ ਸਨ। ਉਸ ਦਾ ਦਾਅਵਾ ਹੈ ਕਿ ਦੋਵੇਂ ਕਥਿਤ ਤੌਰ ’ਤੇ ਨਸ਼ੇ ਦੇ ਆਦੀ ਸਨ ਅਤੇ ਗੋਦਾਮ ’ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਉਸ ਅਨੁਸਾਰ ਪਿਛਲੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਵਿਕਾਸ ਵਲੋਂ ਕਰੀਬ 80 ਕਿੱਲੋ ਤਾਂਬਾ ਲਿਜਾਣ ਦੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ’ਚ ਰਿਕਾਰਡ ਹੋਈ ਹੈ। ਇਮਰਾਨ ਅੰਸਾਰੀ ਨੇ ਦਾਅਵਾ ਕੀਤਾ ਕਿ ਚੋਰੀ ਦੇ ਮਾਮਲੇ ਸਬੰਧੀ ਹਰਵੀਰ ਸਿੰਘ ਅਤੇ ਉਸ ਦੇ ਪੁੱਤਰ ਆਕਾਸ਼ ਨੂੰ ਪੁੱਛਗਿੱਛ ਲਈ ਗੋਦਾਮ ਬੁਲਾਇਆ ਗਿਆ ਸੀ। ਉਸ ਨੇ ਕਰੀਬ 12 ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਵੇਚੇ ਜਾਣ ਦਾ ਵੀ ਦਾਅਵਾ ਕੀਤਾ। ਉਸ ਅਨੁਸਾਰ ਉਸ ਨੇ ਹਰਵੀਰ ਸਿੰਘ ਨੂੰ ਸਿਰਫ਼ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਹ ਐਤਵਾਰ ਸ਼ਾਮ ਕਰੀਬ 6 ਵਜੇ ਘਰ ਚਲਾ ਗਿਆ ਸੀ। ਇਮਰਾਨ ਨੇ ਕਿਹਾ ਕਿ ਬਾਅਦ ’ਚ ਹਰਵੀਰ ਵਲੋਂ ਖ਼ੁਦਕੁਸ਼ੀ ਕੀਤੀ ਗਈ ਅਤੇ ਇਸ ਮਾਮਲੇ ’ਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਭੇਜ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੇ ਪੁਲਿਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।