ਸੜਕ ਦੀ ਮਾੜੀ ਹਾਲਤ ਤੋਂ ਅੱਕੇ ਲੋਕਾਂ ਨੇ ਖ਼ੁਦ ਪੈਸੇ ਇਕੱਠੇ ਕਰ ਕੇ ਸੜਕ ’ਤੇ ਕੇਰੀ ਪਾਉਣ ਦਾ ਕੰਮ ਕੀਤਾ ਸ਼ੁਰੂ
ਫ਼ਤਹਿਗੜ੍ਹ ਸਾਹਿਬ, 23 ਅਗਸਤ (ਬਲਜਿੰਦਰ ਸਿੰਘ)-ਕੌਮੀ ਰਾਜ ਮਾਰਗ ਸਰਹਿੰਦ ਤੋਂ ਪਿੰਡ ਜਲਵੇੜੀ ਗਹਿਲਾਂ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਮਾੜੀ ਹਾਲਤ ਤੋਂ ਅੱਕੇ ਇਲਾਕੇ ਦੇ ਲੋਕਾਂ ਨੇ ਖ਼ੁਦ ਪੈਸੇ ਇਕੱਠਾ ਕਰਕੇ ਸੜਕ ’ਤੇ ਕੇਰੀ (ਰੋੜੀ) ਪੁਆਉਣ ਦਾ ਕੰਮ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿਚ ਹੈ ਤੇ ਇਸ ਵਿਚ ਥਾਂ-ਥਾਂ ਡੂੰਘੇ ਖੱਡੇ ਪਏ ਹੋਏ ਹਨ, ਜਿਸ ਕਾਰਨ ਇਸ ਮਾਰਗ ’ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਕਰਕੇੇ ਇਥੋਂ ਰਾਹਗੀਰਾਂ ਤੇ ਸਥਾਨਕ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਸੀ।
ਟ
ਟੁੱਟੀ ਹੋਈ ਸੜਕ ’ਤੇ ਕੇਰੀ ਪਾਉਂਦੇ ਹੋਏ ਇਲਾਕਾ ਨਿਵਾਸੀ। ਅਜੀਤ ਤਸਵੀਰ
24-08-2026
ਫ਼ਤਹਿਗੜ੍ਹ ਸਾਹਿਬ, 23 ਅਗਸਤ (ਬਲਜਿੰਦਰ ਸਿੰਘ)-ਕੌਮੀ ਰਾਜ ਮਾਰਗ ਸਰਹਿੰਦ ਤੋਂ ਪਿੰਡ ਜਲਵੇੜੀ ਗਹਿਲਾਂ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਮਾੜੀ ਹਾਲਤ ਤੋਂ ਅੱਕੇ ਇਲਾਕੇ ਦੇ ਲੋਕਾਂ ਨੇ ਖ਼ੁਦ ਪੈਸੇ ਇਕੱਠਾ ਕਰਕੇ ਸੜਕ ’ਤੇ ਕੇਰੀ (ਰੋੜੀ) ਪੁਆਉਣ ਦਾ ਕੰਮ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿਚ ਹੈ ਤੇ ਇਸ ਵਿਚ ਥਾਂ-ਥਾਂ ਡੂੰਘੇ ਖੱਡੇ ਪਏ ਹੋਏ ਹਨ, ਜਿਸ ਕਾਰਨ ਇਸ ਮਾਰਗ ’ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਕਰਕੇੇ ਇਥੋਂ ਰਾਹਗੀਰਾਂ ਤੇ ਸਥਾਨਕ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਸੀ। ਇਸ ਮੌਕੇ ਜਸਵੀਰ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਕਰਨੈਲ ਸਿੰਘ, ਗੁਰਵਿੰਦਰ ਸਿੰਘ ਸਾਬੀ, ਜੋਗਿੰਦਰ ਸਿੰਘ, ਸੋਨੀ, ਅਮਨਦੀਪ ਸਿੰਘ, ਗੁਰਚਰਨ ਸਿੰਘ, ਬਲਜਿੰਦਰ ਸਿੰਘ, ਬਿਕਰਮਜੀਤ ਸਿੰਘ, ਪਲਵਿੰਦਰ ਸਿੰਘ ਤੇ ਮਦਨਜੀਤ ਸਿੰਘ ਨੇ ਦੱਸਿਆ ਕਿ ਇਹ ਸੜਕ ਆਖ਼ਰੀ ਵਾਰ ਸਾਲ 2016 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਾਈ ਗਈ ਸੀ। ਉਸ ਤੋਂ ਬਾਅਦ ਕਿਸੇ ਵੀ ਸਰਕਾਰ ਜਾਂ ਵਿਭਾਗ ਨੇ ਇਸ ਸੜਕ ਦੀ ਸਾਰ ਨਹੀਂ ਲਈ। ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਪਿੰਡ ਵਾਸੀਆਂ ਨੇ ਮਜਬੂਰਨ ਆਪਣੇ ਪੱਲਿਓਂ ਪੈਸੇ ਇਕੱਠੇ ਕਰਕੇ ਸੜਕ ਦੇ ਖੱਡੇ ਭਰਨੇ ਸ਼ੁਰੂ ਕੀਤੇ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿਚ ਜੋ ਰਿਕਾਰਡ ਤੋੜ ਵਿਕਾਸ ਕਾਰਜ ਹੋਏ ਹਨ, ਉਹ ਕਿਸੇ ਵੀ ਹੋਰ ਸਿਆਸੀ ਪਾਰਟੀ ਦੇ ਬੱਸ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅੱਜ ਪਿੰਡ ਜਲਵੇੜੀ ਗਹਿਲਾਂ ਦੇ ਲੋਕਾਂ ਵਲੋਂ ਆਪ ਸੜਕ ਦੀ ਮੁਰੰਮਤ ਕਰਨਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਮੌਜੂਦਾ ਸਰਕਾਰ ਵਿਕਾਸ ਦੇ ਦਾਅਵਿਆਂ ਵਿਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਤੁਰੰਤ ਪੱਕੇ ਤੌਰ ’ਤੇ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਫ਼ਜ਼ੂਲ ਖ਼ਰਚਣ ਦੀ ਬਜਾਏ, ਇਹ ਪੈਸਾ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵਰਤਣਾ ਚਾਹੀਦਾ ਹੈ ਅਤੇ ਜੇਕਰ ਇਸ਼ਤਿਹਾਰਾਂ ਦਾ ਬਜਟ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਵੱਲ ਮੋੜਿਆ ਜਾਵੇ, ਤਾਂ ਇਸ ਨਾਲ ਆਮ ਜਨਤਾ ਦਾ ਜੀਵਨ ਪੱਧਰ ਸੁਧਰੇਗਾ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ।