ਨਗਰ ਕੌਂਸਲ ਅਮਲੋਹ ਦੀ ਹਰਿੰਦਰ ਕੌਰ ਚੀਮਾ ਬਣੀ ਪ੍ਰਧਾਨ ਤੇ ਅਤੁਲ ਲੁਟਾਵਾ ਬਣੇ ਵਾਈਸ ਪ੍ਰਧਾਨ
ਅਮਲੋਹ, 13 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਆਮ ਆਦਮੀ ਪਾਰਟੀ ਦੇ ਸੈਕਟਰੀ ਤੇ ਚੋਣ ਲਈ ਬਣੇ ਆਬਜ਼ਰਵਰ ਨਵਜੋਤ ਸਿੰਘ ਜਰਗ ਦੀ ਦੇਖ-ਰੇਖ ਹੇਠ ਹੋਈ। ਚੋਣ ਦੌਰਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਮੌਜੂਦ ਰਹੇ।
ਅਮਲੋਹ, 13 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਆਮ ਆਦਮੀ ਪਾਰਟੀ ਦੇ ਸੈਕਟਰੀ ਤੇ ਚੋਣ ਲਈ ਬਣੇ ਆਬਜ਼ਰਵਰ ਨਵਜੋਤ ਸਿੰਘ ਜਰਗ ਦੀ ਦੇਖ-ਰੇਖ ਹੇਠ ਹੋਈ। ਚੋਣ ਦੌਰਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਮੌਜੂਦ ਰਹੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਦੀ ਨੂੰਹ ਕੌਂਸਲਰ ਹਰਿੰਦਰ ਕੌਰ ਚੀਮਾ ਨੂੰ ਪ੍ਰਧਾਨ ਤੇ ਕੌਂਸਲਰ ਅਤੁਲ ਲੁਟਾਵਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਅਬਜ਼ਰਵਰ ਨਵਜੋਤ ਸਿੰਘ ਜਰਗ ਨੇ ਕਿਹਾ ਕਿ ਅੱਜ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਜਿਸ ਵਿਚ ਹਰਿੰਦਰ ਕੌਰ ਚੀਮਾ ਨੂੰ ਪ੍ਰਧਾਨ ਤੇ ਅਤੁਲ ਲੁਟਾਵਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵ ਨਿਯੁਕਤ ਪ੍ਰਧਾਨ ਤੇ ਵਾਈਸ ਪ੍ਰਧਾਨ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ ਉਥੇ ਹੀ ਉਨ੍ਹਾਂ ਨੇ ਕਿਹਾ ਕਿ 2027 ਵਿਚ ਵੀ ਆਮ ਆਦਮੀ ਪਾਰਟੀ ਹੀ ਸਰਕਾਰ ਬਣੇਗੀ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅੱਜ ਅਮਲੋਹ ਸ਼ਹਿਰ ਲਈ ਖ਼ੁਸ਼ੀ ਦਾ ਦਿਨ ਹੈ। ਉਨ੍ਹਾਂ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦੇ ਫਾਊਂਡਰ ਮੈਂਬਰ ਤੇ ਅਮਲੋਹ ਸ਼ਹਿਰ ਵਿਚ ਪਾਰਟੀ ਦੀ ਨੀਂਹ ਰੱਖਣ ਵਾਲੇ ਸਿਕੰਦਰ ਸਿੰਘ ਗੋਗੀ ਨੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਪਰਿਵਾਰਕ ਮਜਬੂਰੀਆਂ ਕਾਰਨ ਉਹ ਇਸ ਜ਼ਿੰਮੇਵਾਰੀ ਲਈ ਸਮਾਂ ਨਹੀਂ ਦੇ ਪਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪਣ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਿਕੰਦਰ ਸਿੰਘ ਗੋਗੀ ਵਲੋਂ ਨਵੇਂ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੇ ਨਾਂਅ ਚੋਣ ਲਈ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਕੌਂਸਲਰਾਂ ਨੇ ਸਹਿਮਤੀ ਦਿੰਦਿਆਂ ਸਰਬਸੰਮਤੀ ਨਾਲ ਹਰਿੰਦਰ ਕੌਰ ਚੀਮਾ ਤੇ ਅਤੁਲ ਲੁਟਾਵਾ ਦੀ ਚੋਣ ਕੀਤੀ। ਉਨ੍ਹਾਂ ਸ਼ਹਿਰ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਜੋ ਵਿਕਾਸ ਕਾਰਜ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਸਾਰੀ ਟੀਮ ਮਿਲ ਕੇ ਜਲਦ ਮੁਕੰਮਲ ਕਰੇਗੀ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਹਰਿੰਦਰ ਕੌਰ ਚੀਮਾ ਤੇ ਵਾਈਸ ਪ੍ਰਧਾਨ ਅਤੁਲ ਲੁਟਾਵਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਵਲੋਂ ਕੰਮ ਕੀਤਾ ਜਾਵੇਗਾ ਤੇ ਸ਼ਹਿਰ ਵਾਸੀਆਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਮੌਜੂਦ ਸਨ।