ਖਮਾਣੋਂ, 28 ਜੁਲਾਈ (ਮਨਮੋਹਣ ਸਿੰਘ ਕਲੇਰ)-ਇਤਿਹਾਸਕ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਪਾਤਿਸ਼ਾਹੀ ਛੇਵੀਂ ਤੇ ਦਸਵੀਂ ਰਾਣਵਾਂ ਵਿਖੇ ਬਾਬਾ ਮਨਪ੍ਰੀਤ ਸਿੰਘ ਸੰਗਤਪੁਰ ਵਾਲਿਆਂ ਵਲੋਂ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ, ਉਸ ਸੰਬੰਧੀ ਸਟੀਲ ਦਾ ਬੋਰਡ ਤਿਆਰ ਕਰਕੇ ਸੰਖੇਪ ਰੂਪ ਵਿਚ ਇਤਿਹਾਸ ਲਿਖਵਾਉਣ ਦੀ ਸੇਵਾ ਕਰਵਾਈ ਗਈ ਹੈ। ਜੋਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਇਹ ਬੋਰਡ ਲਗਵਾਇਆ ਗਿਆ। ਇਹ ਬੋਰਡ ਲਾਉਣ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਆਪਣੇ ਹੱਥੀ ਆਪ ਕੀਤੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਮਨਪ੍ਰੀਤ ਸਿੰਘ ਸੰਗਤਪੁਰ ਵਾਲੇ, ਗੁਰਚਰਨ ਸਿੰਘ ਮੈਨੇਜਰ, ਭਾਈ ਦਲਬੀਰ ਸਿੰਘ ਖੰਟ ਹੈੱਡ ਗ੍ਰੰਥੀ, ਢਾਡੀ ਗੁਰਦੇਵ ਸਿੰਘ ਕੋਮਲ, ਭਗਤ ਸਿੰਘ, ਭਾਈ ਸੁਖਵਿੰਦਰ ਸਿੰਘ ਸਟੋਰ ਕੀਪਰ, ਰਾਗੀ ਬਲਬੀਰ ਸਿੰਘ, ਰਾਗੀ ਭਾਈ ਅਮਨਦੀਪ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ ਵੀ ਹਾਜ਼ਰ ਸਨ। ਜਥੇਦਾਰ ਰਿਆ ਨੇ ਦੱਸਿਆ ਕਿ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਹੀ ਇਹ ਸੇਵਾ ਕਰਵਾਈ ਗਈ ਹੈ। ਉਨ੍ਹਾਂ ਇਸ ਸੇਵਾ ਕਾਰਜ ਵਿਚ ਸਹਿਯੋਗ ਕਰਨ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ।