11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਠੱਗੀ, 2 ਮਾਮਲਿਆਂ ’ਚ 3 ਖ਼ਿਲਾਫ਼ ਮਾਮਲਾ ਦਰਜ ਆਸਟ੍ਰੇਲੀਆ ਭੇਜਣ ਦੇ ਨਾਂਅ ’ਤੇ 2.60 ਲੱਖ ਤੇ ਅਮਰੀਕਾ ਕਾਨੂੰਨੀ ਤੌਰ ’ਤੇ ਭੇਜਣ ਦੇ ਬਹਾਨੇ 41.50 ਲੱਖ ਰੁਪਏ ਹੜੱਪਣ ਦੇ ਦੋਸ਼

ਅਜੀਤ ਡੈਸਕ 29-07-2026
ਬਸੀ ਪਠਾਣਾਂ, 28 ਜੁਲਾਈ (ਰਾਜਿੰਦਰ ਸ਼ਰਮਾ)-ਬਡਾਲੀ ਆਲਾ ਸਿੰਘ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 2 ਵੱਖ-ਵੱਖ ਮਾਮਲਿਆਂ ’ਚ 3 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਤੇ ਹੋਰਨਾਂ ਦੋਸ਼ਾਂ ਹੇਠ ਮਾਮਲੇ ਦਰਜ ਕੀਤੇ ਹਨ। ਪੁਲਿਸ ਵਲੋਂ ਦੋਵੇਂ ਮਾਮਲਿਆਂ ਦੀ ਜਾਂਚ ਦੌਰਾਨ ਸ਼ਿਕਾਇਤਾਂ ਨੂੰ ਸਹੀ ਪਾਏ ਜਾਣ ਉਪਰੰਤ ਕਥਿਤ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਸ਼ਿਕਾਇਤਕਰਤਾ ਗੁਰਬੇਅੰਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਭਗੜਾਣਾ ਨੇ ਸ਼ਿਕਾਇਤ ’ਚ ਦੱਸਿਆ ਕਿ ਟਰੈਵਲ ਏਜੰਟ ਕੋਮਲਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 2 ਲੱਖ 60 ਹਜ਼ਾਰ ਰੁਪਏ ਵਸੂਲ ਲਏ, ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਤੇ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਦੀ ਜਾਂਚ ’ਚ ਸ਼ਿਕਾਇਤਕਰਤਾ ਗੁਰਬੇਅੰਤ ਕੌਰ ਦੇ ਦੋਸ਼ ਸਹੀ ਪਏ ਗਏ, ਜਿਸ ’ਤੇ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਕੋਮਲਪ੍ਰੀਤ ਸਿੰਘ ਖ਼ਿਲਾਫ਼ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਮਾਮਲੇ ’ਚ ਹਰਮਨਜੋਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਮੀਤਗੜ੍ਹ ਨੇ ਸ਼ਿਕਾਇਤ ’ਚ ਪੁਲਿਸ ਨੂੰ ਦੱਸਿਆ ਕਿ ਇਕਬਾਲ ਸਿੰਘ ਅਤੇ ਚਰਨਜੀਤ ਸਿੰਘ ਵਲੋਂ ਉਸ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਭਰੋਸਾ ਦੇ ਕੇ 41 ਲੱਖ 50 ਹਜ਼ਾਰ ਰੁਪਏ ਵਸੂਲ ਕੀਤੇ, ਪਰ ਉਸ ਨੂੰ ਕਾਨੂੰਨੀ ਢੰਗ ਦੀ ਬਜਾਏ ਗੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਰਾਹੀਂ ਅਮਰੀਕਾ ਭੇਜ ਦਿੱਤਾ, ਜਿਥੇ ਬਾਰਡਰ ’ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਡਿਟੈਨਸ਼ਨ ਕੈਂਪ ’ਚ ਭੇਜ ਦਿੱਤਾ ਅਤੇ ਬਾਅਦ ’ਚ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ। ਜਦੋਂ ਉਸ ਵਲੋਂ ਆਪਣੀ ਰਕਮ ਵਾਪਸ ਮੰਗੀ ਗਈ ਤਾਂ ਮੁਲਜ਼ਮ ਦੋਵੇਂ ਭਰਾਵਾਂ ਨੂੰ ਰਕਮ ਵਾਪਸ ਕਰਨ ਤੋਂ ਇਨਕਾਰ ਕਰਨ ਦੇ ਨਾਲ-ਨਾਲ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਵਿਸ਼ਵ ਕੁਦਰਤ ਸੰਭਾਲ ਦਿਵਸ ’ਤੇ ਜੀ. ਆਰ. ਐਸ. ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਏ ਬੂਟੇ ਅਗਲੀ ਖ਼ਬਰ ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਨਿਭਾਈ ਲੰਗਰ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।