04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਸਰਹਿੰਦ ਵਿਖੇ ਢੋਲ ਵਜਾ ਕੇ ਕੱਢਿਆ ਵਿਜੈ ਮਾਰਚ * ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਨੌਜਵਾਨਾਂ ਦੇ ਸੰਘਰਸ਼, ਸੱਚ ਤੇ ਲੋਕਤੰਤਰ ਦੀ ਜਿੱਤ-ਨਾਗਰਾ * ਨੀਟ ਪੇਪਰ ਮਾਮਲੇ ਵਿਚ ਵਿਦਿਆਰਥੀਆਂ ਦੀ ਲੜਾਈ ਨੂੰ ਮਿਲੀ ਵੱਡੀ ਕਾਮਯਾਬੀ-ਸੁਰਿੰਦਰ ਰਾਮਗੜ੍ਹ

ਅਜੀਤ ਡੈਸਕ 26-07-2026
ਫ਼ਤਹਿਗੜ੍ਹ ਸਾਹਿਬ, 25 ਜੁਲਾਈ (ਬਲਜਿੰਦਰ ਸਿੰਘ)-ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਅੰਦੋਲਨ ਕਰ ਰਹੇ ਵਿਦਿਆਰਥੀਆਂ ’ਤੇ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਰੋਪੜ ਅੱਡਾ ਸਰਹਿੰਦ ਤੋਂ ਸਰਹਿੰਦ ਮੰਡੀ ਬਾਜ਼ਾਰ ਰਾਹੀਂ ਵਿਸ਼ਾਲ ਢੋਲ ਵਜਾ ਕੇ ਵਿਜੈ ਮਾਰਚ ਕੱਢਿਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਨੀਟ ਮਾਮਲੇ ਵਿਚ ਵਿਦਿਆਰਥੀਆਂ ਨਾਲ ਹੋਈ ਬੇਇਨਸਾਫ਼ੀ ਤੇ ਉਨ੍ਹਾਂ ’ਤੇ ਕੀਤਾ ਲਾਠੀਚਾਰਜ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਹਰ ਪੱਧਰ ’ਤੇ ਬੇਇਨਸਾਫ਼ੀ ਦਾ ਡਟ ਕੇ ਵਿਰੋਧ ਕੀਤਾ। ਨਾਗਰਾ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ ਤੇ ਸੱਚ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਹ ਉਸ ਸੰਘਰਸ਼ ਦਾ ਨਤੀਜਾ ਹੈ, ਜੋ ਦੇਸ਼ ਭਰ ਦੇ ਵਿਦਿਆਰਥੀਆਂ ਨੇ ਆਪਣੇ ਹੱਕਾਂ ਅਤੇ ਭਵਿੱਖ ਦੀ ਰੱਖਿਆ ਲਈ ਲੜਿਆ। ਉਨ੍ਹਾਂ ਕਿਹਾ ਕਿ ਅਹੰਕਾਰ ਅਤੇ ਦਮਨ ਦੀ ਰਾਜਨੀਤੀ ਆਖ਼ਰਕਾਰ ਲੋਕਾਂ ਦੀ ਆਵਾਜ਼ ਅੱਗੇ ਝੁਕਣ ਲਈ ਮਜਬੂਰ ਹੋਈ ਹੈ ਕਿਉਂਕਿ ਕਿਸੇ ਵੀ ਲੋਕਤੰਤਰ ਵਿਚ ਨੌਜਵਾਨਾਂ ਦੀ ਆਵਾਜ਼ ਨੂੰ ਲਾਠੀਆਂ ਤੇ ਧੱਕੇਸ਼ਾਹੀ ਨਾਲ ਦਬਾਇਆ ਨਹੀਂ ਜਾ ਸਕਦਾ। ਅੱਜ ਦਾ ਇਹ ਅਸਤੀਫ਼ਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਲੋਕ ਇਕੱਠੇ ਹੋ ਕੇ ਸੱਚ ਤੇ ਇਨਸਾਫ਼ ਲਈ ਸੰਘਰਸ਼ ਕਰਦੇ ਹਨ ਤਾਂ ਸੱਤਾ ਨੂੰ ਵੀ ਜਵਾਬ ਦੇਣਾ ਪੈਂਦਾ ਹੈ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਕਿ ਨੀਟ ਮਾਮਲੇ ਵਿਚ ਵਿਦਿਆਰਥੀਆਂ ਦੀ ਲੜਾਈ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਹਰ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਦੇਸ਼ ਦੇ ਹਰ ਉਸ ਵਿਦਿਆਰਥੀ ਦੀ ਜਿੱਤ ਹੈ, ਜਿਸ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਪ੍ਰਣਾਲੀ ਵਿਚ ਪਾਰਦਰਸ਼ਤਾ ਯਕੀਨੀ ਬਣਾਏ, ਵਿਦਿਆਰਥੀਆਂ ਦਾ ਭਰੋਸਾ ਬਹਾਲ ਕਰੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਬਣ ਕੇ ਹਰ ਮੰਚ ’ਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਵਿਜੈ ਮਾਰਚ ਵਿਚ ਕਾਂਗਰਸ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਮੁੱਖ ਆਗੂ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਾਮਿਲ ਸਨ।
ਪਿਛਲੀ ਖ਼ਬਰ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ 29 ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾ... ਅਗਲੀ ਖ਼ਬਰ ਪਟਿਆਲਾ ਦੇ ਵਿਕਾਸ ਕਾਰਜਾਂ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਅਜੀਤਪਾਲ ਸਿੰਘ ਕੋਹਲੀ 40 ਲੱਖ ਰੁਪਏ ਦੀ ਲਾਗਤ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।