08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਗਾਜ਼

ਅਜੀਤ ਡੈਸਕ 14-07-2026

 ਫ਼ਤਹਿਗੜ੍ਹ ਸਾਹਿਬ, 13 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ‘ਅਕਾਦਮਿਕ ਉੱਤਮਤਾ, ਨਵੀਨਤਾ, ਖੋਜ ਤੇ ਸੰਸਥਾਗਤ ਵਿਕਾਸ ਲਈ ਫੈਕਲਟੀ ਨੂੰ ਸਸ਼ਕਤ ਬਣਾਉਣਾ’ ਵਿਸ਼ੇ ’ਤੇ ਪੰਜ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਗਾਜ਼ ਕੀਤਾ। ਪ੍ਰੋਗਰਾਮ ਦਾ ਉਦੇਸ਼ ਫੈਕਲਟੀ ਮੈਂਬਰਾਂ ਦੀਆਂ ਪੇਸ਼ੇਵਰ ਯੋਗਤਾਵਾਂ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਅਧਿਆਪਨ, ਖੋਜ, ਨਵੀਨਤਾ ਤੇ ਸੰਸਥਾਗਤ ਵਿਕਾਸ ਵਿਚ ਉੱਤਮਤਾ ਨੂੰ ਪ੍ਰੋਤਸਾਹਿਤ ਕਰਨਾ ਹੈ। ਪ੍ਰੋਗਰਾਮ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੀ ਗੁਣਵੱਤਾ ਪ੍ਰਤੀਬੱਧ, ਸਮਰੱਥ ਤੇ ਨਿਰੰਤਰ ਸਿੱਖਣ ਵਾਲੇ ਅਧਿਆਪਕਾਂ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਫੈਕਲਟੀ ਮੈਂਬਰਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਭਾਵਨਾ ਅਨੁਸਾਰ ਨਵੀਨਤਾ ਕਾਰੀ ਅਧਿਆਪਨ, ਅੰਤਰ-ਅਨੁਸ਼ਾਸਨੀ ਖੋਜ, ਤਕਨਾਲੋਜੀ-ਆਧਾਰਿਤ ਸਿੱਖਣ ਅਤੇ ਅਕਾਦਮਿਕ ਅਗਵਾਈ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਭਾਗੀਦਾਰਾਂ ਦਾ ਸਵਾਗਤ ਕਰਦਿਆਂ ਸਿੱਖਿਆ ਵਿਭਾਗ ਦੇ ਮੁਖੀ ਤੇ ਪ੍ਰੋਗਰਾਮ ਦੇ ਕਨਵੀਨਰ ਡਾ. ਹਰਨੀਤ ਬਿਲਿੰਗ ਨੇ ਫੈਕਲਟੀ ਦੇ ਨਿਰੰਤਰ ਪੇਸ਼ੇਵਰ ਵਿਕਾਸ ਦੀ ਮਹੱਤਤਾ ਉਜਾਗਰ ਕੀਤੀ ਤੇ ਪੰਜ ਰੋਜ਼ਾ ਪ੍ਰੋਗਰਾਮ ਦੀ ਰੂਪ-ਰੇਖਾ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਿਚ ਨਵੀਨਤਾਕਾਰੀ ਅਧਿਆਪਨ ਵਿਧੀਆਂ, ਨਤੀਜਾ-ਆਧਾਰਿਤ ਸਿੱਖਿਆ, ਮੁਲਾਂਕਣ, ਖੋਜ ਨੈਤਿਕਤਾ, ਅਕਾਦਮਿਕ ਲੇਖਣ, ਮਿਆਰੀ ਰਸਾਲਿਆਂ ਵਿਚ ਪ੍ਰਕਾਸ਼ਨ, ਸਿੱਖਿਆ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਗੁਣਵੱਤਾ ਭਰੋਸਾ, ਲੀਡਰਸ਼ਿਪ ਤੇ ਸੰਸਥਾਗਤ ਵਿਕਾਸ ਸੰਬੰਧੀ ਸੈਸ਼ਨ ਕਰਵਾਏ ਜਾਣਗੇ। ਉਦਘਾਟਨੀ ਅਕਾਦਮਿਕ ਸੈਸ਼ਨ ਵਿਚ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ‘ਅਧਿਆਪਨ ਤੋਂ ਪਰੇ ਫੈਕਲਟੀ ਦੀ ਜ਼ਿੰਮੇਵਾਰੀ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ, ਜਦਕਿ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਸਿੰਘ ਨੇ ‘ਨਤੀਜਾ-ਆਧਾਰਿਤ ਸਿੱਖਿਆ ਤੇ ਪਾਠਕ੍ਰਮ ਯੋਜਨਾਬੰਦੀ’ ਵਿਸ਼ੇ ’ਤੇ ਮਾਹਿਰ ਭਾਸ਼ਨ ਦਿੱਤਾ। ਡਾ. ਸੁਮਨ ਪ੍ਰੀਤ ਕੌਰ ਨੇ ਕਰਵਾਏ ਰੁਚਿਕਰ ਆਈਸ-ਬ੍ਰੇਕਿੰਗ ਸੈਸ਼ਨ ਨੇ ਭਾਗੀਦਾਰਾਂ ਵਿਚ ਆਪਸੀ ਤਾਲਮੇਲ ਅਤੇ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ। ਸਮਾਗਮ ਦੀ ਸਮਾਪਤੀ ਡਾ. ਗਗਨਦੀਪ ਟਿਵਾਣਾ ਵਲੋਂ ਪੇਸ਼ ਕੀਤੇ ਗਏ ਧੰਨਵਾਦ ਦੇ ਮਤੇ ਨਾਲ ਹੋਈ।

ਪਿਛਲੀ ਖ਼ਬਰ ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਲਾਡਪੁਰ ਦੇ ਲਾਪਤਾ ਨੌਜਵਾਨ ਦਾ ਕਤਲ, ਲਾਸ਼ ਨਹਿਰ ’ਚ ਸੁੱਟੀ * ਪ੍ਰੇਮ ਸੰਬੰਧਾਂ ਦੀ ਰੰਜਿਸ਼ ਬਣੀ ਵਜ੍ਹਾ, ਮੁੱਖ ਮੁਲਜ਼ਮ ਗ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।