13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਨੇ ਕਰਵਾਇਆ ਗੁਰੂ ਰਵਿਦਾਸ ਜੀ ਬਾਰੇ ਚੌਥਾ ਸੈਮੀਨਾਰ

ਅਜੀਤ ਡੈਸਕ 22-06-2026

 

ਜਖਵਾਲੀ, 21 ਜੂਨ (ਨਿਰਭੈ ਸਿੰਘ)-ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਮੀ ਤੇ ਕੌਮਾਂਤਰੀ ਪੱਧਰ ਤੇ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਵਿਚ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਸੈਮੀਨਾਰ ਪਿੰਡ ਪੰਜੋਲੀ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਚ ਹੋਇਆ। ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਗੁਰੂ ਰਵਿਦਾਸ, ਸ਼੍ਰੋਮਣੀ ਸੰਤ ਕਬੀਰ ਆਦਿ ਭਗਤੀ ਲਹਿਰ ਚਲਾਉਣ ਦੇ ਮੋਢੀਆਂ ਨੇ ਆਵਾਜ਼ ਬੁਲੰਦ ਕੀਤੀ, ਉਹ ਸਮਾਂ ਬੜਾ ਭਿਆਨਕ ਸੀ। ਉਸ ਵੇਲੇ ਸ਼ੂਦਰ, ਅਤਿ ਸ਼ੂਦਰ, ਅਛੂਤ, ਅਤਿ ਅਛੂਤ ਦੇ ਨਾਵਾਂ ਨਾਲ ਮਨੁੱਖ ਨੂੰ ਸਮਾਜ ਤੋਂ ਵੱਖਰਾ ਪ੍ਰਾਣੀ ਬਣਾਇਆ ਜਾ ਰਿਹਾ ਸੀ, ਗੁਰੂ ਰਵਿਦਾਸ ਦੀ ਉਸ ਵੇਲੇ ਇਸ ਦੇ ਵਿਰੋਧ ਵਿਚ ਉੱਚੀ ਆਵਾਜ਼ ਨੇ ਬ੍ਰਾਹਮਣ ਨੂੰ ਸਿੱਧਾ ਚੈਲੰਜ ਕੀਤਾ, ਜਿਸ ਨੂੰ ਸਿਖਰ ਤੇ ਗੁਰੂ ਗੋਬਿੰਦ ਸਿੰਘ ਨੇ ਪਹੁੰਚਾ ਦਿੱਤਾ।
ਮੁੱਖ ਪੇਪਰ ਪੜ੍ਹਦਿਆਂ ਉੱਘੇ ਲੇਖਕ ਤੇ ਚਿੰਤਕ ਨਵਤੇਜ ਗੜ੍ਹਦੀਵਾਲਾ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਮਨੁੱਖ ਨੂੰ ਸਾਰੇ ਅਡੰਬਰਾਂ, ਵਹਿਮਾਂ ਭਰਮਾ ਤੋਂ ਦੂਰ ਕਰਦਿਆਂ ਮਨੁੱਖ ਨੂੰ ਸਿੱਧਾ ‘ਸਤਨਾਮ’ ਨਾਲ ਜੋੜਿਆ, ਜਿਸ ਦਾ ਸ਼ਬਦ ਗੁਰੂ ਸੰਕਲਪ ਸਾਰੇ ਕਰਮ ਕਾਂਡਾਂ ਨੂੰ ਤਹਿਸ ਨਹਿਸ ਕਰ ਗਿਆ। ਉਨ੍ਹਾਂ ਦੀ ਬਾਣੀ ਦੀ ਚੇਤਨਾ ਦੀ ਅੱਜ ਦੁਖਾਂਤ ਵਿਚੋਂ ਗੁਜ਼ਰ ਰਹੇ ਸਮਾਜ ਨੂੰ ਬਹੁਤ ਲੋੜ ਹੈ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਗੁਰੂ ਰਵਿਦਾਸ ਸਮੇਤ ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਸਾਨੂੰ ਜਾਣਨ ਦੀ ਲੋੜ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਫਤਿਹਜੰਗ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਜਾਤ-ਪਾਤ ਦਾ ਕਹਿਰ ਅੱਜ ਵੀ ਸਾਡੇ ਤੇ ਕਰੂਰਤਾਂ ਨਾਲ ਜ਼ੁਲਮ ਕਰ ਰਿਹਾ ਹੈ, ਜਿਸ ਦੀਆਂ ਮਿਸਾਲਾਂ ਭਾਰਤ ਵਿਚ ਕਈ ਥਾਵਾਂ ’ਤੇ ਮਿਲ ਜਾਂਦੀਆਂ ਹਨ, ਜਿਸ ਪੱਥਰ ਯੁੱਗ ਵਿਚੋਂ ਸਾਨੂੰ ਗੁਰੂ ਰਵਿਦਾਸ ਤੇ ਹੋਰ ਗੁਰੂ ਸਾਹਿਬਾਨਾਂ ਨੇ ਕੱਢਿਆ ਸੀ ਅਸੀਂ ਅੱਜ ਫੇਰ ਉਸੇ ਪਾਸੇ ਵੱਧ ਰਹੇ ਹਾਂ। ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਹੋਏ ਇਸ ਸੈਮੀਨਾਰ ਦਾ ਜ਼ਿਲੇ੍ਹ ਦੇ ਸੈਮੀਨਾਰ ਕੋਆਰਡੀਨੇਟਰ ਨਿਰਭੈ ਸਿੰਘ ਰੁੜਕੀ ਨੇ ਸਾਰਾ ਪ੍ਰਬੰਧ ਸੰਭਾਲਿਆ। ਧੰਨਵਾਦ ਡਾ. ਗੁਰਮੀਤ ਕਲੱਰਮਾਜਰੀ ਨੇ ਕੀਤਾ, ਜਦ ਕਿ ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋ. ਬਲਦੇਵ ਸਿੰਘ ਬੱਲੀ, ਗੁਰਨਾਮ ਸਿੰਘ ਤਹਿਸੀਲਦਾਰ, ਤਰਸੇਮ ਦੀਵਾਨਾ, ਇੰਜ. ਸਤਨਾਮ ਸਿੰਘ ਮੱਟੂ, ਬਾਬਾ ਦਰਸ਼ਨ ਸਿੰਘ ਟੌਹੜਾ, ਬਾਬਾ ਹਰਜਿੰਦਰ ਸਿੰਘ ਭੱਲਮਾਜਰਾ ਨੇ ਵੀ ਸੰਬੋਧਨ ਕੀਤਾ।

ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਪਿੰਡ ਘੋਨੇਵਾਹਲਾ ਨੂੰ 5 ਲੱਖ ਰੁਪਏ ਤੇ ਪਿੰਡ ਪਸ਼ੀਆ ਦੇ ਮਸੀਹ ਭਾਈਚਾਰੇ ਨੂੰ ਕਮਿਉਨਿਟੀ ਹਾਲ ਲਈ 25... ਅਗਲੀ ਖ਼ਬਰ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਪੰਜਾਬ ਪਿੰਡ-ਪਿੰਡ ਜਾ ਕੇ ਬਣਾਏਗਾ ਲੋਕਾਂ ਦੇ ਲੇਬਰ ਕਾਰਡ - ਸੂਬੇਦਾਰ ਹਰਜੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।