ਫ਼ਤਹਿਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)-ਵੱਧ ਰਹੀ ਮਹਿੰਗਾਈ, ਐਮ.ਐਸ.ਪੀ ਗਰੰਟੀ ਕਾਨੂੰਨ ਬਣਵਾਉਣ ਅਤੇ ਬਿਆਸ ਭਾਖੜਾ ਮਨੈਜਮੈਂਟ ਬੋਰਡ 'ਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਵਾਲੇ ਨੋਟੀਫ਼ਿਕੇਸ਼ਨ ਰੱਦ ਕਰਵਾਉਣ ਦੀ ਮੰਗ ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਿਸਾਨ ਵੱਡੀ ਗਿਣਤੀ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਇਕੱਠੇ ਹੋਏ ਸਨ, ਪਰ ਜਦੋਂ ਉਹ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਲੈਣ ਲਈ ਦਫ਼ਤਰ ਪਹੁੰਚੇ ਤਾਂ ਡਿਪਟੀ ਕਮਿਸ਼ਨਰ ਕਿਸਾਨਾਂ ਪਾਸੋਂ ਮੰਗ ਪੱਤਰ ਲੈਣ ਲਈ ਬਾਹਰ ਨਾ ਆਏ | ਜਿਸ ਕਾਰਨ ਕਿਸਾਨ ਜਥੇਬੰਦੀਆਂ ਨੇ ਦਫ਼ਤਰ ਦੇ ਬਾਹਰ ਮੰਗ ਪੱਤਰ ਫਾੜ ਕੇ ਆਪਣਾ ਰੋਸ ਪ੍ਰਗਟਾਇਆ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪੈੱ੍ਰਸ ਸਕੱਤਰ ਹਰਿੰਦਰ ਸਿੰਘ ਚਨਾਰਥਲ ਨੇ ਦੱਸਿਆ ਕਿ ਉਕਤ ਮੰਗ ਪੱਤਰ ਰਾਹੀਂ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗ ਕੀਤੀ ਗਈ ਹੈ ਕਿ ਬਿਆਸ ਭਾਖੜਾ ਮੈਨੇਜਮੈਂਟ 'ਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਵਾਲਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ, ਕਿਸਾਨਾਂ ਨੂੰ 23 ਫ਼ਸਲਾਂ ਤੇ ਐਮ.ਐਸ.ਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ | ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਦੇਸ਼ ਦੇ ਲੋਕਾਂ ਦਾ ਲੱਕ ਤੋੜ ਰਹੀ ਹੈ | ਸਰਕਾਰ ਕਿਸੇ ਤਰੀਕੇ ਨਾਲ ਮਹਿੰਗਾਈ 'ਤੇ ਕਾਬੂ ਪਾ ਕੇ ਦੇਸ਼ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ | ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ ਮੁਕਤ ਕੀਤਾ ਜਾਵੇ, ਪੰਜਾਬ ਵਿਚ ਖੇਤੀ ਲਈ ਖਾਦਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ ਅਤੇ ਜੋ ਯੂਰੀਏ ਦਾ ਗੱਟਾ 45 ਕਿੱਲੋ ਦਾ ਕਰ ਦਿੱਤਾ ਸੀ, ਉਸ ਨੂੰ ਮੁੜ-ਮੁੜ ਤੋਂ 50 ਕਿੱਲੋ ਕੀਤਾ ਜਾਵੇ ਅਤੇ ਜੋ ਖਾਦਾਂ ਨਾਲ ਬੇਲੋੜੇ ਪ੍ਰੋਡਕਟ ਦਿੱਤੇ ਜਾ ਰਹੇ ਹਨ, ਉਨ੍ਹਾਂ ਨੂੰ ਬੰਦ ਕੀਤਾ ਜਾਵੇ | ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਘੱਟ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਉਕਤ ਮਸਲਿਆਂ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਡੀ.ਸੀ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ, ਪਰ ਡਿਪਟੀ ਕਮਿਸ਼ਨਰ ਕਿਸਾਨਾਂ ਪਾਸੋਂ ਮੰਗ ਪੱਤਰ ਲੈਣ ਲਈ ਨਹੀਂ ਪਹੁੰਚੇ, ਜਿਸ ਕਰਕੇ ਕਿਸਾਨ ਜਥੇਬੰਦੀਆਂ ਨੇ ਦਫ਼ਤਰ ਤੇ ਅੱਗੇ ਮੰਗ ਪੱਤਰ ਫਾੜ ਕੇ ਆਪਣਾ ਰੋਸ ਪ੍ਰਗਟਾਇਆ ਹੈ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਰਣਜੀਤ ਸਿੰਘ ਚਨਾਰਥਲ, ਜਸਵੀਰ ਸਿੰਘ ਚਨਾਰਥਲ, ਹਰਦੀਪ ਸਿੰਘ ਨੌਲੱਖਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਮੇਲ ਸਿੰਘ ਭਟੇੜੀ, ਰਾਜਿੰਦਰ ਸਿੰਘ, ਮੇਜਰ ਸਿੰਘ ਭੜੀ, ਗੁਰਮੁਖ ਸਿੰਘ, ਨਿਰਮਲ ਸਿੰਘ ਰੁੜਕੀ, ਗੁਰਜੀਤ ਸਿੰਘ ਲੁਹਾਰਮਾਜਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਕਸ਼ਮੀਰਾ ਸਿੰਘ ਜਟਾਣਾ, ਪੈੱ੍ਰਸ ਸਕੱਤਰ ਪਰਮਵੀਰ ਸਿੰਘ ਸੀੜਾ, ਕਰਨੈਲ ਸਿੰਘ ਡਡਿਆਣਾ, ਰਾਜੂ ਜਾਲਖੇੜੀ ਬਲਾਕ ਆਗੂ ਸੱਤਨਾਮ ਸਿੰਘ ਨਗਾਵਾ ਸ਼ਾਮਿਲ ਹੋਏ |