ਅਮਲੋਹ ਬਲਾਕ ਦੇ ਪਿੰਡ ਖਨਿਆਣ ਤੋਂ ਸ਼ੁਰੂ ਹੋਈ ਝੋਨੇ ਦੀ ਸਿੱਧੀ ਬਿਜਾਈ
ਅਜੀਤ ਡੈਸਕ
03-06-2026
ਸਿੱਧੀ ਬਿਜਾਈ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਉਸ ਵਲੋਂ ਸਿੱਧੀ ਬਿਜਾਈ ਦੇ ਕੀਤੇ ਤਜਰਬੇ ਸਫਲ ਰਹੇ, ਜਿਸ ਕਾਰਨ ਉਹ ਇਸ ਵੱਡੇ ਰਕਬੇ 'ਤੇ ਸਿੱਧੀ ਬਿਜਾਈ ਕਰ ਰਿਹਾ ਹੈ, ਉਸ ਨੇ ਦੱਸਿਆ ਕਿ ਇਸ ਵਿਧੀ ਨਾਲ ਖਰਚਾ ਘੱਟਦਾ ਹੈ ਤੇ ਝਾੜ ਵੱਧਦਾ ਹੈ, ਜਿਸ ਕਾਰਨ ਸੁੱਧ ਮੁਨਾਫ਼ੇ ਵਿਚ ਚੰਗਾ ਵਾਧਾ ਹੋ ਜਾਂਦਾ ਹੈ | ਸਿੱਧੀ ਬਿਜਾਈ ਸਬੰਧੀ ਫ਼ੋਨ 'ਤੇ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਫ਼ਤਹਿਗੜ੍ਹ ਸਾਹਿਬ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਜਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਇਸ ਤਕਨੀਕ ਨੂੰ ਅਪਣਾ ਰਿਹਾ ਹੈ ਅਤੇ ਇਸ ਤਕਨੀਕ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋਣ ਕਾਰਨ ਇਸ ਵਾਰ 42 ਏਕੜ ਦੇ ਵੱਡੇ ਰਕਬੇ 'ਤੇ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ, ਜਿਸ ਤੋਂ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ | ਇਕ ਸਵਾਲ ਦੇ ਜਵਾਬ ਵਿਚ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 5 ਲੱਖ ਏਕੜ ਰਕਬੇ ਹੇਠ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਰੱਖਿਆ ਹੈ ਅਤੇ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ 1500 ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾ ਰਹੀ ਹੈ | ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ 15 ਤੋਂ 20 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ | ਇਸ ਨਾਲ ਖੇਤਾਂ 'ਚ ਕੱਦੂ ਕਰਨ, ਝੋਨੇ ਦੀ ਲਵਾਈ, ਡੀਜ਼ਲ, ਅਤੇ ਮਜ਼ਦੂਰਾਂ ਦਾ ਖਰਚਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਇਹ ਵਾਤਾਵਰਨ ਦੀ ਸੁੱਧਤਾ ਵਿਚ ਵੀ ਵੱਡਾ ਯੋਗਦਾਨ ਪਾਉਂਦਾ ਹੈ | ਉਨ੍ਹਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਤਰ-ਵੱਤਰ ਖੇਤ ਵਿਚ ਬਿਜਾਈ ਕਰਨ, ਬੀਜ ਨੂੰ 12 ਘੰਟੇ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ ਵਿਚ ਭਿਉਣ ਅਤੇ ਸਪਰਿੰਟ 75 ਡਬਲਯੂ.ਐਸ. ਨਾਲ ਸੋਧ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਪੀ.ਆਰ.-126 ਕਿਸਮ ਇਸ ਵਿਧੀ ਲਈ ਢੁੱਕਵੀਂ ਹੈ ਅਤੇ ਬਿਜਾਈ ਤੋਂ ਤੁਰੰਤ ਬਾਅਦ ਪੈਂਡੀਮੈਥਾਲਿਨ ਜਾਂ ਪੇਪੇ 25 ਈ.ਸੀ. ਦਾ ਛਿੜਕਾਅ ਕਰਨਾ ਨਦੀਨਾਂ ਦੀ ਰੋਕਥਾਮ ਲਈ ਜ਼ਰੂਰੀ ਹੈ | ਸ਼ਾਮ ਵੇਲੇ ਕੀਤੀ ਗਈ ਨਦੀਨ ਨਾਸ਼ਕ ਸਪਰੇਅ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ | ਇਸ ਮੌਕੇ ਖੇਤੀਬਾੜੀ ਅਫ਼ਸਰ ਅਮਲੋਹ ਡਾ. ਬੂਟਾ ਸਿੰਘ, ਸਹਾਇਕ ਤਕਨੀਕੀ ਮੈਨੇਜਰ ਆਤਮਾ ਨਵਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ |