ਅਮਲੋਹ, 2 ਜੂਨ (ਹਰਪ੍ਰੀਤ ਸਿੰਘ ਗਿੱਲ)-ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਦੇ ਇਕ ਪੁਰਾਣੇ ਮਾਮਲੇ ਵਿਚ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ | ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਖ਼ਿਲਾਫ਼ 20 ਨਵੰਬਰ 2018 ਨੂੰ ਥਾਣਾ ਅਮਲੋਹ ਵਿਚ ਐਫ.ਆਈ.ਆਰ. ਦਰਜ ਹੋਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸ਼ਿਕਾਇਤਕਰਤਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ | ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਅਦਾਲਤੀ ਕਾਰਵਾਈ ਤੋਂ ਗ਼ੈਰਹਾਜ਼ਰ ਰਿਹਾ, ਜਿਸ ਕਾਰਨ ਅਦਾਲਤ ਵਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ | ਇਸ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਪੁਲਿਸ ਦੇ ਪੀ.ਓ. ਸਟਾਫ਼ ਨੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇੰਸਪੈਕਟਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਲਈ ਕਿਸੇ ਵੀ ਟਰੈਵਲ ਏਜੰਟ ਨਾਲ ਸੌਦਾ ਕਰਨ ਤੋਂ ਪਹਿਲਾਂ ਉਸ ਦੀ ਅਥਾਰਿਟੀ ਅਤੇ ਲਾਇਸੈਂਸ ਦੀ ਪੁਸ਼ਟੀ ਜ਼ਰੂਰ ਕਰਨ ਤਾਂ ਜੋ ਅਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ |