29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਮਲੋਹ ਬਲਾਕ ਦੇ ਪਿੰਡ ਖਨਿਆਣ ਤੋਂ ਸ਼ੁਰੂ ਹੋਈ ਝੋਨੇ ਦੀ ਸਿੱਧੀ ਬਿਜਾਈ

ਡਾ. ਜਗਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਤਹਿਗੜ੍ਹ ਸਾਹਿਬ <br/> ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਪਿੰਡ ਖਨਿਆਣ ਦਾ ਕਿਸਾਨ ਗੁਰਜਿੰਦਰ ਸਿੰਘ | ਤਸਵੀਰ: ਗਿੱਲ <br/> 03-06-2026
ਅਮਲੋਹ, 2 ਜੂਨ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਭੂਮੀ ਹੇਠਲੇ ਪਾਣੀ ਦੀ ਸੰਭਾਲ ਅਤੇ ਝੋਨੇ ਦੀ ਕਾਸ਼ਤ ਦੀ ਲਾਗਤ ਘਟਾਉਣ ਲਈ ਉਤਸ਼ਾਹਿਤ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਯੋਜਨਾ ਨੂੰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਹੈ | ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਸਿੱਧੀ ਬਿਜਾਈ ਲਈ 7 ਹਜ਼ਾਰ ਏਕੜ ਰਕਬੇ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ, ਜਿਸ 'ਚੋਂ ਕਿਸਾਨਾਂ ਵਲੋਂ ਹੁਣ ਤੱਕ ਕਰੀਬ 2500 ਏਕੜ ਰਕਬੇ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ | ਪਿਛਲੇ ਸਾਲ ਜ਼ਿਲ੍ਹੇ ਵਿਚ ਕੇਵਲ 850 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ, ਜਿਸ ਵਿਚ ਇਸ ਸਾਲ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ | ਖੇਤੀਬਾੜੀ ਵਿਭਾਗ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਅੱਜ ਇਸ ਬਲਾਕ ਦੇ ਪਿੰਡ ਖਨਿਆਣ ਦੇ ਪ੍ਰਗਤੀਸ਼ੀਲ ਕਿਸਾਨ ਗੁਰਜਿੰਦਰ ਸਿੰਘ ਪੁੱਤਰ ਸੋਮ ਸਿੰਘ ਵਲੋਂ ਆਪਣੇ 42 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ |
ਸਿੱਧੀ ਬਿਜਾਈ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਉਸ ਵਲੋਂ ਸਿੱਧੀ ਬਿਜਾਈ ਦੇ ਕੀਤੇ ਤਜਰਬੇ ਸਫਲ ਰਹੇ, ਜਿਸ ਕਾਰਨ ਉਹ ਇਸ ਵੱਡੇ ਰਕਬੇ 'ਤੇ ਸਿੱਧੀ ਬਿਜਾਈ ਕਰ ਰਿਹਾ ਹੈ, ਉਸ ਨੇ ਦੱਸਿਆ ਕਿ ਇਸ ਵਿਧੀ ਨਾਲ ਖਰਚਾ ਘੱਟਦਾ ਹੈ ਤੇ ਝਾੜ ਵੱਧਦਾ ਹੈ, ਜਿਸ ਕਾਰਨ ਸੁੱਧ ਮੁਨਾਫ਼ੇ ਵਿਚ ਚੰਗਾ ਵਾਧਾ ਹੋ ਜਾਂਦਾ ਹੈ | ਸਿੱਧੀ ਬਿਜਾਈ ਸਬੰਧੀ ਫ਼ੋਨ 'ਤੇ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਫ਼ਤਹਿਗੜ੍ਹ ਸਾਹਿਬ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਜਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਇਸ ਤਕਨੀਕ ਨੂੰ ਅਪਣਾ ਰਿਹਾ ਹੈ ਅਤੇ ਇਸ ਤਕਨੀਕ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋਣ ਕਾਰਨ ਇਸ ਵਾਰ 42 ਏਕੜ ਦੇ ਵੱਡੇ ਰਕਬੇ 'ਤੇ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ, ਜਿਸ ਤੋਂ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ | ਇਕ ਸਵਾਲ ਦੇ ਜਵਾਬ ਵਿਚ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 5 ਲੱਖ ਏਕੜ ਰਕਬੇ ਹੇਠ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਰੱਖਿਆ ਹੈ ਅਤੇ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ 1500 ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾ ਰਹੀ ਹੈ | ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ 15 ਤੋਂ 20 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ | ਇਸ ਨਾਲ ਖੇਤਾਂ 'ਚ ਕੱਦੂ ਕਰਨ, ਝੋਨੇ ਦੀ ਲਵਾਈ, ਡੀਜ਼ਲ, ਅਤੇ ਮਜ਼ਦੂਰਾਂ ਦਾ ਖਰਚਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਇਹ ਵਾਤਾਵਰਨ ਦੀ ਸੁੱਧਤਾ ਵਿਚ ਵੀ ਵੱਡਾ ਯੋਗਦਾਨ ਪਾਉਂਦਾ ਹੈ | ਉਨ੍ਹਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਤਰ-ਵੱਤਰ ਖੇਤ ਵਿਚ ਬਿਜਾਈ ਕਰਨ, ਬੀਜ ਨੂੰ 12 ਘੰਟੇ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ ਵਿਚ ਭਿਉਣ ਅਤੇ ਸਪਰਿੰਟ 75 ਡਬਲਯੂ.ਐਸ. ਨਾਲ ਸੋਧ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਪੀ.ਆਰ.-126 ਕਿਸਮ ਇਸ ਵਿਧੀ ਲਈ ਢੁੱਕਵੀਂ ਹੈ ਅਤੇ ਬਿਜਾਈ ਤੋਂ ਤੁਰੰਤ ਬਾਅਦ ਪੈਂਡੀਮੈਥਾਲਿਨ ਜਾਂ ਪੇਪੇ 25 ਈ.ਸੀ. ਦਾ ਛਿੜਕਾਅ ਕਰਨਾ ਨਦੀਨਾਂ ਦੀ ਰੋਕਥਾਮ ਲਈ ਜ਼ਰੂਰੀ ਹੈ | ਸ਼ਾਮ ਵੇਲੇ ਕੀਤੀ ਗਈ ਨਦੀਨ ਨਾਸ਼ਕ ਸਪਰੇਅ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ | ਇਸ ਮੌਕੇ ਖੇਤੀਬਾੜੀ ਅਫ਼ਸਰ ਅਮਲੋਹ ਡਾ. ਬੂਟਾ ਸਿੰਘ, ਸਹਾਇਕ ਤਕਨੀਕੀ ਮੈਨੇਜਰ ਆਤਮਾ ਨਵਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੰਗ ਪੱਤਰ ਫਾੜ ਕੇ ਪ੍ਰਗਟਾਇਆ ਰੋਸ ਅਗਲੀ ਖ਼ਬਰ ਮਨਰੇਗਾ ਕਰਮਚਾਰੀ ਯੂਨੀਅਨ ਨੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।