26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਘੱਟ ਗਿਣਤੀ ਵਾਲੇ ਬੱਚਿਆਂ ਦੇ ਸਕੂਲਾਂ 'ਚ ਅਧਿਆਪਕ ਘਟਾਉਣ ਦਾ ਫ਼ੈਸਲਾ ਸਰਕਾਰ ਦੀ ਸਿੱਖਿਆ ਵਿਰੋਧੀ ਸੋਚ ਦਾ ਪਰਦਾਫਾਸ਼-ਜੀ.ਟੀ.ਯੂ.

ਅਜੀਤ ਡੈਸਕ 17-04-2026
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਬਲਜਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁਲਾਪੁਰ ਨੇ ਸਿੱਖਿਆ ਵਿਭਾਗ ਸੈਕੰਡਰੀ ਵਲੋਂ ਜਾਰੀ ਕੀਤੇ ਗਏ ਤਾਜ਼ਾ ਪੱਤਰ, ਜਿਸ ਵਿਚ ਅਧਿਆਪਕਾਂ ਦੇ ਜ਼ਿਲ੍ਹੇ ਦੇ ਅੰਦਰ 'ਆਰਜ਼ੀ ਪ੍ਰਬੰਧ' ਕਰਨ ਦੇ ਅਧਿਕਾਰ ਦਿੱਤੇ ਗਏ ਹਨ, ਦੀ ਸਖ਼ਤ ਨਿਖੇਧੀ ਕੀਤੀ ਹੈ | ਆਗੂਆਂ ਨੇ ਕਿਹਾ ਕਿ ਜਥੇਬੰਦੀ ਤਾਂ ਮੰਗ ਕਰਦੀ ਹੈ ਕਿ ਮਿਡਲ ਸਕੂਲ ਵਿਚ ਵਿਸ਼ਾ ਵਾਰ ਘੱਟੋ-ਘੱਟ ਇਕ ਅਧਿਆਪਕ ਬੱਚਿਆਂ ਨੂੰ ਦਿੱਤਾ ਜਾਵੇ ਅਤੇ ਪ੍ਰਾਇਮਰੀ ਵਿਚ ਹਰੇਕ ਜਮਾਤ ਲਈ ਇਕ ਅਧਿਆਪਕ ਦਿੱਤਾ ਜਾਵੇ |
ਉਨ੍ਹਾਂ ਕਿਹਾ ਪ੍ਰਾਇਮਰੀ ਤੋਂ ਬਾਅਦ ਹੁਣ ਮਿਡਲ ਸਕੂਲਾਂ 'ਤੇ ਕੁਹਾੜਾ ਹੈ ਆਗੂਆਂ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਮਾਰੂ ਨੀਤੀ ਪਹਿਲਾਂ ਸਿਰਫ਼ ਪ੍ਰਾਇਮਰੀ ਸਕੂਲਾਂ ਤੱਕ ਸੀਮਤ ਸੀ, ਜਿੱਥੇ ਅਧਿਆਪਕਾਂ ਨੂੰ ਇੱਧਰ-ਉੱਧਰ ਭੇਜ ਕੇ ਡੰਗ ਟਪਾਇਆ ਜਾ ਰਿਹਾ ਸੀ, ਪਰ ਹੁਣ ਵਿਭਾਗ ਨੇ ਮਿਡਲ ਸਕੂਲਾਂ ਵਿਚ ਵੀ ਇਹ 'ਆਰਜ਼ੀ ਪ੍ਰਬੰਧ' (ਡੈਪੂਟੇਸ਼ਨ) ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਕਿ ਬੇਹੱਦ ਮੰਦਭਾਗਾ ਹੈ | ਇਸ ਨਾਲ ਮਿਡਲ ਪੱਧਰ ਦੀ ਸਿੱਖਿਆ ਦਾ ਢਾਂਚਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ | ਜਥੇਬੰਦੀ ਦਾ ਕਹਿਣਾ ਹੈ ਕਿ ਸਰਕਾਰ ਇਕ ਪਾਸੇ 'ਟੀਚਰ ਟਰਾਂਸਫ਼ਰ ਪਾਲਿਸੀ' ਦੀਆਂ ਗੱਲਾਂ ਕਰਦੀ ਹੈ, ਪਰ ਦੂਜੇ ਪਾਸੇ 'ਆਰਜ਼ੀ ਪ੍ਰਬੰਧ' ਦੇ ਨਾਂ 'ਤੇ ਅਧਿਆਪਕਾਂ ਨੂੰ ਜ਼ਬਰਦਸਤੀ ਦੂਰ-ਦੁਰਾਡੇ ਭੇਜ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਜਿਸ ਸਕੂਲ 'ਚੋਂ ਅਧਿਆਪਕ ਨੂੰ ਚੁੱਕ ਕੇ ਦੂਜੇ ਸਕੂਲ ਭੇਜਿਆ ਜਾਵੇਗਾ, ਉੱਥੋਂ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਹ ਸਿਰਫ਼ ਵਿਦਿਆਰਥੀ ਅਧਿਆਪਕ ਅਨੁਪਾਤ (ਪੀ.ਟੀ.ਆਰ) ਦੇ ਅੰਕੜੇ ਪੂਰੇ ਕਰਨ ਦੀ ਕੋਸ਼ਿਸ਼ ਹੈ, ਨਾ ਕਿ ਸਿੱਖਿਆ ਸੁਧਾਰ ਦੀ | ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦਿੱਤੇ ਗਏ ਇਹ ਬੇਲਗ਼ਾਮ ਅਧਿਕਾਰ ਪੱਖਪਾਤ ਅਤੇ ਭਿ੍ਸ਼ਟਾਚਾਰ ਨੂੰ ਹੁਲਾਰਾ ਦੇਣਗੇ | ਅਸਾਧਾਰਨ ਹਾਲਤ ਦੇ ਨਾਂ 'ਤੇ 15 ਦਿਨਾਂ ਦੀ ਡਿਊਟੀ ਲਗਾਉਣ ਦੀ ਛੋਟ ਸਿੱਧੇ ਤੌਰ 'ਤੇ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ | ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਵਿਭਾਗ ਅਧਿਆਪਕਾਂ ਦੀ ਘਾਟ ਪੂਰੀ ਕਰਨਾ ਚਾਹੁੰਦਾ ਹੈ ਤਾਂ ਪੁਰਾਣੀਆਂ ਡੰਗ-ਟਪਾਊ ਨੀਤੀਆਂ ਛੱਡ ਕੇ ਤੁਰੰਤ ਨਵੀਂ ਭਰਤੀ ਕਰੇ | ਪ੍ਰਾਇਮਰੀ ਤੋਂ ਬਾਅਦ ਹੁਣ ਮਿਡਲ ਸਕੂਲਾਂ ਵਿਚ ਸ਼ੁਰੂ ਕੀਤੇ ਗਏ ਇਸ 'ਉਜਾੜੂ ਗੇੜ' ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ | ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਮੰਗ ਕਰਦੀ ਹੈ ਕਿ ਇਸ ਪੱਤਰ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਅਮਰਜੀਤ ਸਿੰਘ, ਰਣਜੀਤ ਸਿੰਘ ਬਰਵਾਲੀ, ਰਾਜਿੰਦਰ ਸਿੰਘ ਰਾਜਨ, ਬਲਵੀਰ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਬਰੀਮਾ , ਹਰਸ਼ਰਨ ਸਿੰਘ, ਗੁਰਪ੍ਰੀਤ ਸਿੰਘ ਪੰਜਕੋਹਾ, ਜਸਵੀਰ ਸਿੰਘ ਪਨੈਚਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਕਣਕ ਖ਼ਰੀਦ ਪ੍ਰਬੰਧ ਲੜਖੜਾਏ, ਮੰਡੀਆਂ 'ਚ ਫ਼ਸਲ ਦੇ ਅੰਬਾਰ-ਲਿਫ਼ਟਿੰਗ ਠੱਪ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਬੰਗਾ 'ਚ ਡਾ. ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।