05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਭਾਰਤ ਸਰਕਾਰ ਤੋਂ ਸੂਬੇ ਵਿਚ ਖਸ-ਖਸ ਦੀ ਖੇਤੀ ਸ਼ੁਰੂ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 11-04-2026
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਬਲਜਿੰਦਰ ਸਿੰਘ)-ਅਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਵਲੋਂ ਪੰਜਾਬ ਵਿਚ ਖਸ-ਖਸ ਦੀ ਖੇਤੀ, 23 ਫ਼ਸਲਾਂ 'ਤੇ ਐਮ.ਐਸ.ਪੀ. ਦੀ ਗਾਰੰਟੀ, ਹੋਰ ਕਿਸਾਨੀ ਮੰਗਾਂ ਅਤੇ ਗੰਭੀਰ ਮਸਲਿਆਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਦੇ ਨਾਂਅ ਫ਼ਤਹਿਗੜ੍ਹ ਸਾਹਿਬ ਵਿਚ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ | ਜਥੇਬੰਦੀ ਦੇ ਆਗੂਆਂ ਨੇ ਇਸ ਮੰਗ ਪੱਤਰ ਰਾਹੀਂ ਭਾਰਤ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਫ਼ਸਲਾਂ ਦਾ ਯੋਗ ਭਾਅ ਨਾ ਮਿਲਣ ਅਤੇ ਕੁਦਰਤੀ ਆਫ਼ਤਾਂ ਕਰਕੇ ਗੰਭੀਰ ਕਰਜ਼ੇ ਹੇਠ ਦੱਬਿਆ ਹੋਇਆ ਹੈ | ਪਿਛਲੇ ਸਾਲ ਝੋਨੇ ਦੀ ਫ਼ਸਲ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਗਈ ਅਤੇ ਹਾਲ ਹੀ ਵਿਚ ਭਾਰੀ ਮੀਂਹ ਤੇ ਗੜੇਮਾਰੀ ਨਾਲ ਤਕਰੀਬਨ ਡੇਢ ਲੱਖ ਏਕੜ ਕਣਕ ਅਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੀ ਲਗਾਤਾਰ ਮਾਰ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਨਾਜ਼ੁਕ ਬਣਦੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਪੰਜਾਬ ਵਿਚ ਖਸ-ਖਸ ਦੀ ਖੇਤੀ ਸ਼ੁਰੂ ਕੀਤੀ ਜਾਵੇ ਤਾਂ ਜੋ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕੇ ਤੇ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਿੱਟੇ ਦੇ ਨਸ਼ੇ ਤੋਂ ਬਚਾਉਣ ਲਈ ਇਸ ਦੇ ਬਦਲ ਵਜੋਂ ਪੰਜਾਬ ਵਿਚ ਭੁੱਕੀ, ਅਫ਼ੀਮ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ | ਹੜ੍ਹ ਪੀੜਤਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਅਤੇ ਕੁਦਰਤੀ ਆਫ਼ਤਾਂ ਲਈ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਪੈਕੇਜ ਦਿੱਤਾ ਜਾਵੇ | ਫ਼ਸਲਾਂ ਤੇ ਸਬਜ਼ੀਆਂ ਦਾ ਸੌ ਫ਼ੀਸਦੀ ਬੀਮਾ ਕੀਤਾ ਜਾਵੇ | ਕਿਸਾਨਾਂ ਨੂੰ ਨਵੀਆਂ ਨਕਦੀ ਫ਼ਸਲਾਂ ਵੱਲ ਪ੍ਰੇਰਿਤ ਕਰਨ ਲਈ ਵਿਕਲਪ ਮੁਹੱਈਆ ਕਰਵਾਏ ਜਾਣ ਅਤੇ ਖੇਤੀਬਾੜੀ ਦੀ ਘਟਦੀ ਆਮਦਨ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਦਰਸ਼ੀ ਤੇ ਕਿਸਾਨ ਹਿਤੈਸ਼ੀ ਨੀਤੀਆਂ ਬਣਾਈਆਂ ਜਾਣ | ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੇ ਰਿਹਾਅ ਕੀਤਾ ਜਾਵੇ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ | ਕਿਸਾਨਾਂ ਤੇ ਮਜ਼ਦੂਰਾਂ ਦਾ ਸਮੂਹ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਨੂੰ ਸੈਟਲਮੈਂਟ ਸਕੀਮਾਂ ਚਲਾਉਣ ਦੇ ਹੁਕਮ ਦਿੱਤੇ ਜਾਣ | ਸਤਲੁਜ ਦਰਿਆ ਵਿਚ ਪੈ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ | ਬੁੱਢਾ ਨਾਲਾ ਵਿਚ ਫ਼ੈਕਟਰੀਆਂ ਵਲੋਂ ਛੱਡੇ ਜਾ ਰਹੇ ਗੰਦੇ ਪਾਣੀ 'ਤੇ ਤੁਰੰਤ ਕਾਰਵਾਈ ਕਰਕੇ ਟ੍ਰੀਟਮੈਂਟ ਪਲਾਂਟ ਲਗਾਏ ਜਾਣ | ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਕਿਸਾਨ ਆਗੂਆਂ ਨੇ ਉਮੀਦ ਪ੍ਰਗਟਾਈ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਜਲਦ ਢੁਕਵੇਂ ਕਦਮ ਚੁੱਕੇਗੀ | ਇਸ ਮੌਕੇ 'ਤੇ ਸੁਲਿੰਦਰ ਸਿੰਘ, ਜਗਜੀਤ ਸਿੰਘ, ਜਥੇਦਾਰ ਲਖਵੀਰ ਸਿੰਘ ਸੌਂਟੀ, ਮਲਕੀਤ ਸਿੰਘ ਅੰਬੇਮਾਜਰਾ, ਨਵਦੀਪ ਸਿੰਘ ਖੰਨਾ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਰਾਜਵੀਰ ਸਿੰਘ, ਮੇਵਾ ਸਿੰਘ, ਜਸਪਾਲ ਸਿੰਘ ਸਲਾਣਾ, ਨਵਦੀਪ ਸਿੰਘ ਤਾਨ, ਪ੍ਰੀਤਮ ਸਿੰਘ ਭੋਲੀਆ, ਜਸਵਿੰਦਰ ਸਿੰਘ ਅਤੇ ਰਾਜ ਕੁਮਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹਰਵੇਲ ਸਿੰਘ ਮਾਧੋਪੁਰ ਨੇ ਮੱਖਣ ਸਿੰਘ ਬਰਾੜ ਵਲੋਂ ਲਗਾਏ ਦੋਸ਼ਾਂ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਸਿਨੇਮਾ ਰੋਡ 'ਤੇ ਜਮ੍ਹਾਂ ਹੋਏ ਸੀਵਰੇਜ ਦੇ ਗੰਦੇ ਪਾਣੀ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।