26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਆੜ੍ਹਤੀ ਐਸੋਸੀਏਸ਼ਨ ਮੰਗਾਂ ਸੰਬੰਧੀ 1 ਅਪ੍ਰੈਲ ਤੋਂ ਸੂਬੇ ਭਰ 'ਚ ਕਣਕ ਦੀ ਖ਼ਰੀਦ ਨੂੰ ਮੁਕੰਮਲ ਬੰਦ ਰੱਖੇਗੀ-ਭੱਟਮਾਜਰਾ, ਉੱਪਲ

ਅਜੀਤ ਡੈਸਕ 01-04-2026
ਫ਼ਤਹਿਗੜ੍ਹ ਸਾਹਿਬ, 31 ਮਾਰਚ (ਮਨਪ੍ਰੀਤ ਸਿੰਘ)-ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਵਲੋਂ ਅਨਾਜ ਮੰਡੀ ਸਰਹਿੰਦ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੁਆਰਾ ਉਨ੍ਹਾਂ ਦੀਆ ਮੰਗਾਂ ਨਾ ਮੰਨੇ ਜਾਣ ਦਾ ਸਖ਼ਤ ਵਿਰੋਧ ਕੀਤਾ ਗਿਆ ਤੇ 1 ਅਪ੍ਰੈਲ ਤੋਂ ਮੰਡੀ ਨੂੰ ਬੰਦ ਰੱਖਣ ਤੇ ਕਣਕ ਦੀ ਖ਼ਰੀਦ ਬੰਦ ਰੱਖਣ ਦੀ ਚੇਤਾਵਨੀ ਦਿੱਤੀ ਗਈ | ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਅਨਾਜ ਮੰਡੀ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉੱਪਲ ਤੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਨੇ ਮੰਗ ਕੀਤੀ ਆੜ੍ਹਤੀਆਂ ਨੂੰ ਉਨ੍ਹਾਂ ਦੀ ਬਣਦੀ ਪੂਰੀ ਆੜ੍ਹਤ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਆੜ੍ਹਤੀਆਂ ਨੂੰ ਪੂਰੀ ਆੜ੍ਹਤ ਦੇ ਰਿਹਾ ਹੈ, ਪਰ ਪੰਜਾਬ ਸਰਕਾਰ ਆੜ੍ਹਤੀਆਂ ਦੀ ਆੜ੍ਹਤ 'ਚ ਲਗਾਤਾਰ ਕਟੌਤੀ ਕਰ ਰਹੀ ਹੈ, ਜਿਸ ਕਾਰਨ ਆੜ੍ਹਤੀਆਂ 'ਚ ਰੋਸ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬੇ ਦੇ ਆੜ੍ਹਤੀ ਸਰਕਾਰੀ ਏਜੰਸੀ ਐਫ਼.ਸੀ.ਆਈ. ਦਾ ਵੀ ਵਿਰੋਧ ਕਰਨਗੇ, ਕਿਉਂਕਿ ਉਕਤ ਏਜੰਸੀ ਵਲੋਂ ਆੜ੍ਹਤੀਆਂ ਦਾ 55 ਕਰੋੜ ਰੁਪਇਆ ਬਕਾਇਆ ਰੋਕਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਨੂੰ ਲੇਬਰ ਵੀ ਹੋਰਨਾਂ ਸੂਬਿਆਂ ਦੀ ਤਰਜ਼ 'ਤੇ ਘੱਟ ਦਿੱਤੀ ਜਾ ਰਹੀ ਹੈ, ਜਿਸ ਨੂੰ ਈ.ਪੀ.ਐਫ਼ ਦੇ ਨਾਮ 'ਤੇ ਕੱਟਿਆ ਜਾ ਰਿਹਾ ਹੈ, ਜਦਕਿ ਸੂਬੇ ਦੇ ਕਿਸੇ ਵੀ ਆੜ੍ਹਤੀ ਕੋਲ ਪੱਕੀ ਲੇਬਰ ਨਹੀਂ ਹੈ, ਜੋ ਕਿ ਸਿਰਫ਼ ਸੀਜ਼ਨ ਸਮੇਂ ਹੀ ਕੰਮ ਕਰਨ ਆਉਂਦੀ ਹੈ | ਆੜ੍ਹਤੀਆਂ ਨੇ ਮੰਗ ਕੀਤੀ ਕਿ ਜੇਕਰ ਕੇਂਦਰ ਤੇ ਸੂਬਾ ਸਰਕਾਰ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਆੜ੍ਹਤੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦਾ ਸਿੱਧੇ ਤੌਰ 'ਤੇ ਕਣਕ ਦੀ ਖ਼ਰੀਦ 'ਤੇ ਪ੍ਰਭਾਵ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਆੜ੍ਹਤੀਆਂ ਦੁਆਰਾ ਉਕਤ ਮੰਗਾਂ ਨੂੰ ਚੁੱਕਿਆ ਗਿਆ ਸੀ, ਪਰ ਪਿਛਲੇ ਸਾਲ ਸੂਬੇ 'ਚ ਹੜ੍ਹਾਂ ਦੇ ਹਾਲਾਤ ਬਣਨ ਕਾਰਨ ਆੜ੍ਹਤੀਆਂ ਦੁਆਰਾ ਚੁੱਪੀ ਧਾਰੀ ਗਈ ਤਾਂ ਜੋ ਸਰਕਾਰ ਕਿਸਾਨਾਂ ਦੀ ਬਣਦੀ ਮਾਲੀ ਮਦਦ ਕਰ ਸਕੇ, ਪਰ ਹੁਣ ਸੂਬੇ ਭਰ ਦੇ ਆੜ੍ਹਤੀ ਆਪਣੀਆਂ ਮੰਗਾਂ ਲਈ ਇਕਮਤ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀ ਮੇਜਰ ਸਿੰਘ ਭੱਟਮਾਜਰਾ, ਕੁਲਵਿੰਦਰ ਸਿੰਘ ਹਰਬੰਸਪੁਰਾ, ਸਰਪੰਚ ਸਤਨਾਮ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਅਜਮੇਰ ਸਿੰਘ, ਮਨਜੀਤ ਸਿੰਘ, ਪਵਨ ਬੱਤਰਾ, ਬਹਾਦਰ ਸਿੰਘ, ਹਰਿੰਦਰ ਸਿੰਘ, ਮਜ਼ੀਦ ਖਾਨ, ਤਜਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਯਾਦੂ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਦੀ ਪੰਜਾਬ ਸਰਕਾਰ ਨੇ 4 ਸਾਲ ਦੇ ਕਾਰਜਕਾਲ ਦੌਰਾਨ ਸਾਰੀਆਂ ਗਾਰੰਟੀਆਂ ਨੂੰ ਪੂਰਾ ਕੀਤਾ-ਡੇਰਾ, ਭੱਟੀ, ਰੋਸ਼ਾ ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਖਮਾਣੋਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।