ਬਸੀ ਪਠਾਣਾਂ, 26 ਮਾਰਚ (ਐਚ.ਐਸ.ਗੌਤਮ)-ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ ਬਸੀ ਪਠਾਣਾਂ ਦੇ ਐਨ.ਐਸ.ਐਸ. ਯੂਨਿਟ ਦੁਆਰਾ 20 ਤੋਂ 26 ਮਾਰਚ ਤੱਕ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਅਫ਼ਸਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਸੰਪੰਨ ਹੋਇਆ | ਇਸ ਕੈਂਪ ਦਾ ਆਰੰਭ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੌਸ਼ਲ ਨੇ ਪੌਦੇ ਲਗਾ ਕੇ ਕੀਤਾ ਜਦਕਿ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਪਿੰਡ ਬੋੜ ਵਿਚ ਬੂਟੇ ਲਗਾਏ, ਪਿੰਡ ਵਿਚ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਤੋਂ ਬਾਅਦ ਬੀ. ਐਂਡ ਦੇ ਵਿਦਿਆਰਥੀਆਂ ਨੇ ਕਾਲਜ ਦੇ ਖੇਡ ਦੇ ਮੈਦਾਨ , ਕਲਾਸਾਂ, ਲਾਇਬ੍ਰੇਰੀ ਅਤੇ ਲੈਬਾਂ ਦੀ ਸਫ਼ਾਈ ਕੀਤੀ | ਕੈਂਪ ਵਿਚ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ | ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ, ਉਨ੍ਹਾਂ ਦੇ ਵਿਚਾਰਾਂ ਅਤੇ ਦੇਸ਼ ਲਈ ਦਿੱਤੇ ਮਹਾਨ ਬਲੀਦਾਨ ਨੂੰ ਦਰਸਾਉਂਦੇ ਹੋਏ ਸੁੰਦਰ ਅਤੇ ਪ੍ਰੇਰਨਾਦਾਇਕ ਪੋਸਟਰ ਤਿਆਰ ਕੀਤੇ | ਵਿਦਿਆਰਥੀਆਂ ਵਲੋਂ ਬਣਾਏ ਗਏ ਪੋਸਟਰਾਂ ਵਿਚ ਦੇਸ਼-ਭਗਤੀ ਦੀ ਭਾਵਨਾ ਦਿਖਾਈ ਦਿੱਤੀ | ਇਸ ਮੌਕੇ 'ਤੇ ਡਾ. ਕੌਸ਼ਲ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਅਸਿਸਟੈਂਟ ਪ੍ਰੋਫ਼ੈਸਰ ਪਵਨਦੀਪ ਕੌਰ ਨੇ ਸਮਾਜਿਕ ਬੁਰਾਈਆਂ 'ਤੇ ਜਿਵੇਂ ਕਿ ਦਹੇਜ ਪ੍ਰਥਾ, ਘਰੇਲੂ ਹਿੰਸਾ, ਨਸ਼ੇ, ਲਿੰਗ ਭੇਦ ਭਾਵ, ਗ਼ਰੀਬੀ, ਅੰਧਵਿਸ਼ਵਾਸ ਅਤੇ ਬਾਲ ਮਜ਼ਦੂਰੀ ਮੁੱਦਿਆਂ 'ਤੇ ਚਾਨਣਾ ਪਾਇਆ | ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਰਵਿੰਦਰ ਸਿੰਘ ਨੇ ਪਿੰਡ ਵਿਚ ਏ.ਆਈ. ਅਤੇ ਸਾਈਬਰ ਸਿਕਿਉਰਿਟੀ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਏ.ਆਈ. ਆਉਣ ਵਾਲੇ ਸਮੇਂ ਦੀ ਮੰਗ ਹੈ, ਇਸ ਨੂੰ ਸੁਚੱਜੇ ਢੰਗ ਨਾਲ ਵਰਤ ਕੇ ਆਪਣੇ ਕੰਮ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ | ਕਾਲਜ ਵਿਚ ਸਮਾਜਿਕ ਬੁਰਾਈਆਂ ਜਿਵੇਂ ਕਿ ਦਹੇਜ ਪ੍ਰਥਾ, ਨਸ਼ਾ, ਬੇਰੁਜ਼ਗਾਰੀ ਅਤੇ ਵਿਆਹਾਂ 'ਤੇ ਫ਼ਜ਼ੂਲ ਖ਼ਰਚੀ ਵਿਸ਼ਿਆਂ 'ਤੇ ਸਲੋਗਨ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ | ਜੇਤੂ ਵਿਦਿਆਰਥੀਆਂ ਦੀ ਡਾ. ਕੌਸ਼ਲ ਵਲੋਂ ਹੌਸਲਾ ਅਫ਼ਜ਼ਾਈ ਕੀਤੀ ਗਈ | ਆਖ਼ਰੀ ਦਿਨ ਵਿਦਿਆਰਥੀਆਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੀ ਗਿੱਧਾ, ਭੰਗੜਾ, ਲੋਕ-ਗੀਤ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ | ਇਸ ਕੈਂਪ ਵਿਚ ਵਿਦਿਆਰਥੀਆਂ ਨੇ ਬਹੁਤ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ |