ਬੰਗਾ, 25 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਪੁਲਿਸ ਵਲੋਂ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਬੰਗਾ ਦੇ ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਸਰਕਾਰ ਤੇ ਪੁਲਿਸ ਕਰਮਚਾਰੀਆਂ ਵਿਰੁੱਧ ਹੰਗਾਮੇਦਾਰ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਪ੍ਰਦਰਸ਼ਨ ਨੂੰ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਇਸ ਰੋਸ ਪ੍ਰਦਰਸ਼ਨ ਨੂੰ ਖੁੱਲ੍ਹ ਕੇ ਹਮਾਇਤ ਦਿੱਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੰਜੀਵ ਭਾਰਦਵਾਜ, ਅਕਾਲੀ ਦਲ ਦੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਕਾਂਗਰਸ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਬੰਗਾ ਬਲਾਕ ਦੇ ਪ੍ਰਧਾਨ ਸ. ਕੁਲਵਰਨ ਸਿੰਘ ਗਿੱਲ, ਅਧਿਆਪਕ ਜਥੇਬੰਦੀ ਦੇ ਆਗੂ ਰਾਮ ਿਸ਼ਨ ਪੱਲੀ ਝਿੱਕੀ, ਬਹੁਜਨ ਸਮਾਜ ਪਾਰਟੀ, ਪਰਮਜੀਤ ਮਹਿਰਮਪੁਰੀ, ਸਚਿਨ ਘਈ, ਬੂਟਾ ਰਾਮ ਅਟਵਾਲ, ਅਰੁਣ ਘਈ ਆਦਿ ਆਗੂਆਂ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਲਾਠੀਚਾਰਜ ਦੇ ਜਿੰਮੇਵਾਰ ਡੀ. ਐਸ. ਪੀ ਤੇ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਰੋਸ ਮਾਰਚ ਵਿੱਚ ਉਕਤ ਆਗੂ ਬੁਲਾਰਿਆਂ ਤੋਂ ਇਲਾਵਾ ਦਿਨੇਸ਼ ਕੁਮਾਰ, ਰਮਨ ਚੱਢਾ, ਸੌਰਭ, ਵਿੱਕੀ ਖੋਸਲਾ ਬੀ. ਜੇ. ਪੀ, ਵਿਕਾਸ ਅਗਰਵਾਲ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਕਾਂਗਰਸ ਆਗੂ ਨਿਰੰਜਣ ਪਾਲ, ਐਮ. ਸੀ. ਜਸਵਿੰਦਰ ਸਿੰਘ ਮਾਨ ਅਕਾਲੀ ਦਲ, ਜੀਤ ਸਿੰਘ ਭਾਟੀਆ, ਬਲਵਿੰਦਰ, ਸੋਤਰਾਂ, ਡੋਗਰ ਰਾਮ ਮੂਲ ਨਿਵਾਸੀ ਪਾਰਟੀ, ਸੁਰਿੰਦਰ ਸਿੰਘ ਖਾਲਸਾ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ, ਅੰਮ੍ਰਿਤ ਭੋਸਲੇ ਆਦਿ ਹਾਜ਼ਰ ਸਨ।
ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
ਅਜੀਤ ਡੈਸਕ
26-07-2026