21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਦਾਰਾ ‘ਪਰਵਾਜ਼’ ਪੰਜਾਬ ਨੇ ਜੰਮੂ ਤੇ ਦਿੱਲੀ ਦੇ ਗ੍ਰਿਫ਼ਤਾਰ ਕੀਤੇ ਤਿੰਨ ਪ੍ਰਕਾਸ਼ਕਾਂ ਦੀ ਰਿਹਾਈ ਮੰਗੀ

ਅਜੀਤ ਡੈਸਕ 16-07-2026

ਨਵਾਂਸ਼ਹਿਰ, 15 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਅਦਾਰਾ ਪਰਵਾਜ਼ ਪੰਜਾਬ ਨੇ ਕਾਉਂਟਰ ਇੰਟੈਲੀਜੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਨਾਮਵਰ ਪੁਸਤਕ ਪ੍ਰਕਾਸ਼ਕਾਂ ਦੀ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਉਹਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਅਦਾਰੇ ਦੇ ਸੂਬਾ ਕਨਵੀਨਰ ਸੁਖਵਿੰਦਰ ਪੱਪੀ, ਅਰਵਿੰਦਰ ਕੌਰ ਕਾਕੜਾ, ਸੂਬਾ ਕਮੇਟੀ ਮੈਂਬਰ ਅਜਮੇਰ ਸਿੱਧੂ ਅਤੇ ਜਸਬੀਰ ਦੀਪ ਨੇ ਕਿਹਾ ਹੈ ਕਿ ‘ਪਰਸਨੈਲਿਟੀਜ਼ ਐਂਡ ਲੈਜੈਂਡਜ਼ ਆਫ਼ ਜੇ.ਐਂਡ.ਕੇ’, ਜਿਸ ਦੇ ਲੇਖਕ ਹਿਲਾਲ ਅਹਿਮਦ ਅਤੇ ਸੰਤੋਸ਼ ਮੀਨਾ ਹਨ ਅਤੇ ਇਹ ਜੰਮੂ-ਅਧਾਰਿਤ ਓਬਰਾਏ ਬੁੱਕ ਸਰਵਿਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ‘ਗ੍ਰੇਟ ਪਰਸਨੈਲਿਟੀਜ਼ ਆਫ਼ ਜੰਮੂ ਐਂਡ ਕਸ਼ਮੀਰ’, ਜਿਸ ਦੇ ਲੇਖਕ ਸ਼ੁਸ਼ਾਂਤ ਗਿਰੀ ਹਨ ਤੇ ਇਹ ਦਿੱਲੀ-ਅਧਾਰਿਤ ਅਨੁਰਾਗ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਅਦਾਲਤ ਨੇ ਤਿੰਨ ਪ੍ਰਕਾਸ਼ਕਾਂ ਨੂੰ 10 ਦਿਨਾਂ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ, ਜੋ ਕਿ ਵੱਖਵਾਦੀ ਆਗੂਆਂ ਦੀ ਸ਼ਲਾਘਾ ਕਰਨ ਵਾਲੀਆਂ ਕਿਤਾਬਾਂ ਦੀ ਕਥਿਤ ਛਪਾਈ ਤੇ ਵੰਡ ਨਾਲ ਸਬੰਧਤ ਹੈ, ਅਧਿਕਾਰੀਆਂ ਅਨੁਸਾਰ ਜੰਮੂ ਵਿੱਚ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ 12 ਜੁਲਾਈ ਨੂੰ ਇਨ੍ਹਾਂ ਤਿੰਨਾਂ ਪ੍ਰਕਾਸ਼ਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਸਰਕਾਰੀ ਲਾਇਬ੍ਰੇਰੀਆਂ ਨੂੰ ਸਪਲਾਈ ਕੀਤੀਆਂ ਗਈਆਂ ਕੁਝ ਕਿਤਾਬਾਂ ਵਿੱਚ ਕਥਿਤ ਵੱਖਵਾਦੀਆਂ ਦੀ ਸ਼ਲਾਘਾ ਕਰਨ ਵਾਲੀ ਸਮੱਗਰੀ ਮਿਲਣ ਦੇ ਵਿਵਾਦ ਦੀ ਆਪਣੀ ਜਾਰੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ। 4 ਜੁਲਾਈ ਨੂੰ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਭਾਰਤੀ ਨਿਆਇ ਸੰਹਿਤਾ ਦੀਆਂ ਧਾਰਾਵਾਂ 49 (ਉਕਸਾਉਣਾ), 61(2) (ਅਪਰਾਧਿਕ ਸਾਜ਼ਿਸ਼), 152 (ਭਾਰਤ ਦੀ ਖ਼ੁਦਮੁਖ਼ਤਿਆਰੀ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣਾ), 196 (ਦੁਸ਼ਮਣੀ, ਅਸ਼ਾਂਤੀ ਨੂੰ ਉਤਸ਼ਾਹਿਤ ਕਰਨਾ) ਅਤੇ 353 (ਝੂਠੇ ਬਿਆਨ, ਅਫਵਾਹਾਂ ਜਾਂ ਰਿਪੋਰਟਾਂ ਛਾਪਣਾ ਜਾਂ ਵੰਡਣਾ) ਦੇ ਨਾਲ-ਨਾਲ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13 ਤਹਿਤ ਐਫ.ਆਈ.ਆਰ ਦਰਜ ਕੀਤੀ ਸੀ। ਇੱਥੇ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਜੰਮੂ-ਕਸ਼ਮੀਰ ਸਰਕਾਰ ਵਲੋਂ ਉੱਘੇ ਲੇਖਕਾਂ ਦੀਆਂ 25 ਕਿਤਾਬਾਂ ਉੱਤੇ ਪਾਬੰਦੀ ਲਾਈ ਜਾ ਚੁੱਕੀ ਹੈ। ਇਹ ਕਿਤਾਬਾਂ ਬੁੱਕਰ ਇਨਾਮ ਜੇਤੂ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ, ਤਾਰਿਕ ਅਲੀ, ਅਬਦੁਲ ਗਫੂਰ ਮਜੀਦ ਨੂਰਾਨੀ, ਅਨੁਰਾਧਾ ਭਸੀਨ, ਸੁਮੰਤਰਾ ਬੋਸ, ਕ੍ਰਿਸਟੋਫਰ ਸਨੇਡਨ, ਰਾਧਿਕਾ ਗੁਪਤਾ, ਸੀਮਾ ਕਾਜ਼ੀ, ਡਾ. ਅਬਦੁਲ ਜੱਬਰ ਗੋਕਖਾਨੀ ਵਰਗੇ ਉੱਘੇ ਲੇਖਕਾਂ, ਵਿਦਵਾਨਾਂ, ਸੰਪਾਦਕਾਂ ਅਤੇ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ ਹਨ। ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਰੂਟਲੈਜ, ਵਾਈਕਿੰਗ ਪੈਂਗੂਇਨ, ਹਾਰਪਰ ਕੌਲਿਨਜ਼, ਕੈਂਬਰਿਜ਼ ਯੂਨੀਵਰਸਿਟੀ ਪ੍ਰੈੱਸ, ਪੈਨ ਮੈਕਮਿਲਨ ਇੰਡੀਆ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਮਿਆਰੀ ਪ੍ਰਕਾਸ਼ਨ ਸਮੂਹਾਂ ਵੱਲੋਂ ਪ੍ਰਕਾਸ਼ਤ ਕੀਤੀਆਂ ਡੂੰਘੀ ਖੋਜ ਅਤੇ ਇਤਿਹਾਸਕ ਤੱਥਾਂ ’ਤੇ ਆਧਾਰਤ ਇਨ੍ਹਾਂ ਕਿਤਾਬਾਂ ਨੂੰ “ਝੂਠੇ ਬਿਰਤਾਂਤ” ਅਤੇ “ਵੱਖਵਾਦ” ਨੂੰ ਪ੍ਰਚਾਰਨ ਵਾਲਾ ‘ਗੁੰਮਰਾਹਕੁਨ’ ਸਾਹਿਤ ਕਰਾਰ ਦੇ ਕੇ ਪਾਬੰਦੀ ਲਾਈ ਜਾ ਚੁੱਕੀ ਹੈ, ਜੋ ਸਰਕਾਰ ਦੀ ਫਾਸ਼ੀਵਾਦੀ ਮਾਨਸਿਕਤਾ ਦਾ ਮੂੰਹ ਬੋਲਦਾ ਸਬੂਤ ਹੈ।

ਪਿਛਲੀ ਖ਼ਬਰ ਪ੍ਰਵਾਸੀ ਬਲਜਿੰਦਰ ਲੰਗੇਰੀ ਨੇ ਲਾਇਬ੍ਰੇਰੀ ਨੂੰ ਪੰਜ ਹਜ਼ਾਰ ਰੁਪਏ ਦੀਆਂ ਪੁਸਤਕਾਂ ਕੀਤੀਆਂ ਭੇਟ ਅਗਲੀ ਖ਼ਬਰ ਕਾਨੂੰਗੋਂ ਤੇ ਪਟਵਾਰੀ ਭਲਕੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਦਿੱਤੇ ਜਾਣ ਵਾਲੇ ਧਰਨੇ ’ਚ ਹੋਣਗੇ ਸ਼ਾਮਿਲ - ਰੱਕੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।