ਪੋਜੇਵਾਲ ਸਰਾਂ, 23 ਜੂਨ (ਨਵਾਂਗਰਾਈਂ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿਚ ਪਿਛਲੇ ਦੋ ਸਾਲ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ। ਇਸ ਸੇਵਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਸੇਵਾ ’ਤੇ ਲੁੱਕ ਦੀ ਪਹਿਲੀ ਪਰਤ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਕਰ ਲਿਆ ਗਿਆ ਹੈ ਤੇ ਥੋੜੀ ਬਹੁਤੀ ਸੜਕ ’ਤੇ ਲੁੱਕ ਪਾਉਣ ਤੋਂ ਰਹਿ ਗਈ ਹੈ ਉਹ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਟੋਟੇ ਦੇ ਨਾਲ-ਨਾਲ ਪਾਣੀ ਦੇ ਨਿਕਾਸ ਲਈ ਖਾਲੇ ਵੀ ਬਣਾਏ ਜਾ ਰਹੇ ਹਨ ਜਿਸ ਲਈ ਕੰਮ ਸ਼ੁਰੂ ਹੋ ਗਿਆ ਹੈ ਤਾਂ ਜੋ ਸੜਕ ਦਾ ਨੁਕਸਾਨ ਨਾ ਹੋਵੇ ਤੇ ਸੜਕ ਦੇ ਦੋਨੇ ਪਾਸੇ ਵਿਰਾਸਤੀ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸੜਕ ਦੀ ਕੰਮ ਦੀ ਸਮੀਖਿਆ ਲਈ ਕੰਪਨੀ ਦੇ ਇੰਜੀਨੀਅਰਾਂ ਨਾਲ ਮੀਟਿੰਗ ਕਰਕੇ ਅਗਲੇ ਕੰਮ ਬਾਰੇ ਯੋਜਨਾ ਬੰਦੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਸੇਵਾ ਦਾ ਕੰਮ ਕਿਲਾ ਅਨੰਦਗੜ੍ਹ ਸਾਹਿਬ ਵਲੋਂ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤੇ ਸੰਗਤ ਵਲੋਂ ਇਸ ਮਾਰਗ ਦੀ ਸੇਵਾ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਰਗ ਖਾਲਸੇ ਦੀ ਜਨਮ ਭੂਮੀ, ਮਾਤਾ ਨੈਣਾ ਦੇਵੀ, ਬਾਬਾ ਬਲਾਕ ਨਾਥ ਤੇ ਹਿਮਾਚਲ ਨੂੰ ਜੋੜਨ ਵਾਲਾ ਮੁੱਖ ਮਾਰਗ ਹੈ ਇਸ ਲਈ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਰਗ ਦੀ ਚੱਲ ਰਹੀ ਸੇਵਾ ਵਿਚ ਆਪਣਾ ਪੂਰਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਮਨਪ੍ਰੀਤ ਸਿੰਘ ਜੱਗਾ, ਸਿਮਰਨ ਸਿੰਘ ਸੇਮਾ, ਮੇਹਰ ਚੰਦ ਹੱਕਲਾ ਸਾਬਕਾ ਸਰਪੰਚ, ਬਲਵੀਰ ਸਿੰਘ ਡਰਾਈਵਰ ਆਦਿ ਸਮੇਤ ਇੰਜੀਨੀਅਰਾਂ ਦੀ ਟੀਮ ਹਾਜ਼ਰ ਸੀ।
ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਦਾ ਕੰਮ 80 ਫੀਸਦੀ 30 ਤੱਕ ਮੁਕੰਮਲ ਕਰ ਲਿਆ ਜਾਵੇਗਾ-ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ
ਅਜੀਤ ਡੈਸਕ
24-06-2026