ਨਵਾਂਸ਼ਹਿਰ, 25 ਮਾਰਚ (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਵਿਸ਼ਵ ਤਪਦਿਕ (ਟੀ. ਬੀ.) ਦਿਵਸ ਮਨਾਇਆ ਗਿਆ | ਇਸ ਸਾਲ ਵਿਸ਼ਵ ਟੀ. ਬੀ. ਦਿਵਸ ਦਾ ਥੀਮ 'ਹਾਂ ਅਸੀਂ ਟੀ.ਬੀ ਨੂੰ ਖਤਮ ਕਰ ਸਕਦੇ ਹਾਂ' ਰੱਖਿਆ ਗਿਆ ਹੈ, ਜੋ ਸਮੂਹਿਕ ਯਤਨਾਂ ਰਾਹੀਂ ਟੀ. ਬੀ. ਦੇ ਖਾਤਮੇ ਦੀ ਪ੍ਰੇਰਣਾ ਦਿੰਦਾ ਹੈ | ਇਸ ਮੌਕੇ ਡਾ. ਸਤਵਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਟੀ. ਬੀ. ਇਕ ਸੰਕਰਾਮਕ ਬਿਮਾਰੀ ਹੈ ਜੋ ਮੁੱਖ ਤੌਰ 'ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਸਮੇਂ 'ਤੇ ਪਛਾਣ ਅਤੇ ਠੀਕ ਇਲਾਜ ਨਾਲ ਇਸ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ | ਇਸ ਮੌਕੇ ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਕਿਸ਼ਨ ਰਾਏ ਨੇ ਇਸ ਬਿਮਾਰੀ ਸਬੰਧੀ ਸਮਾਜ ਵਿਚ ਫੈਲੀ ਦਹਿਸ਼ਤ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਟੀ. ਬੀ. ਦੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਸੱਦਾ ਦਿੱਤਾ | ਇਸ ਦੌਰਾਨ ਨਰਸਿੰਗ ਵਿਦਿਆਰਥਣਾਂ ਵੱਲੋਂ ਲੋਕਾਂ ਨੂੰ ਟੀ. ਬੀ. ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਵੀ ਕੱਢੀ ਗਈ | ਇਸ ਮੌਕੇ ਸੀਨੀਅਰ ਫਾਰਮੇਸੀ ਅਫ਼ਸਰ ਪਰਮਵੀਰ ਪਿ੍ੰਸ, ਰੁਪਿੰਦਰ ਸਿੰਘ, ਵਿਕਾਸ ਅਗਰਵਾਲ, ਗੁਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |