ਰਾਏਕੋਟ, 23 ਜੁਲਾਈ (ਸੁਸ਼ੀਲ)-ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮਾਣਮੱਤੀ ਪ੍ਰਾਪਤੀ ਦਰਜ ਕਰਦਿਆਂ ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਦੀ ਵਸਨੀਕ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਵਿਦਿਆਰਥਣ ਗੁਰਸਿਮਰਨ ਕੌਰ ਸਿਵੀਆਂ ਨੇ ਐੱਮ.ਏ. (ਮਿਊਜ਼ਿਕ ਵੋਕਲ) ਦੀ ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਆਪਣੇ ਰਾਮਗੜ੍ਹੀਆ ਕਾਲਜ ਵਿੱਚ ਪਹਿਲੇ ਸਥਾਨ ’ਤੇ ਰਹੀ। ਇਹ ਜਾਣਕਾਰੀ ਵਿਦਿਆਰਥਣ ਗੁਰਸਿਮਰਨ ਕੌਰ ਦੇ ਪਿਤਾ ਹਰਪਾਲ ਸਿੰਘ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਜਿਥੇ ਪੂਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਉੱਥੇ ਕਾਲਜ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਰਣਜੋਧ ਸਿੰਘ, ਪ੍ਰਿੰਸੀਪਲ ਅਜੀਤ ਕੌਰ, ਡਾ: ਚਰਨਜੀਤ ਕੌਰ (ਮੁਖੀ ਸੰਗੀਤ ਵਿਭਾਗ) ਨੇ ਵੀ ਗੁਰਸਿਮਰਨ ਕੌਰ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ ਹੈ। ਕਾਲਜ ਪ੍ਰਿੰਸੀਪਲ ਅਤੇ ਮਿਊਜ਼ਿਕ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਇਹ ਸ਼ਾਨਦਾਰ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੁਰਸਿਮਰਨ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਸਰੋਤ ਬਣੇਗੀ। ਇਸ ਮੌਕੇ ਗੁਰਸਿਮਰਨ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਤੇ ਗੁਰੂਆਂ ਦੀ ਰਹਿਨੁਮਾਈ ਨੂੰ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸੰਗੀਤ ਦੇ ਖੇਤਰ ਵਿੱਚ ਹੋਰ ਉੱਚੀਆਂ ਬੁਲੰਦੀਆਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰੇਗੀ। ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਨੇ ਗੁਰਸਿਮਰਨ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।