12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

-ਮਾਮਲਾ ਨਗਰ ਕੌਂਸਲ ਚੋਣਾਂ ’ਚ ਘੱਟ ਵੋਟਾਂ ਦੇ ਅੰਤਰ ਨਾਲ ਹੋਈ ਜਿੱਤ-ਹਾਰ ਦਾ- ਰੱਦ ਵੋਟਾਂ ਨੂੰ ਮੁੱਦਾ ਬਣਾ ਕੇ ਚਾਰ ਹਾਰੇ ਉਮੀਦਵਾਰਾਂ ਨੇ ਨਵੇਂ ਚੁਣੇ ਕੌਂਸਲਰਾਂ ਨੂੰ ਭੇਜੇ ਅਦਾਲਤੀ ਸੰਮਨ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਹਾਰ ਅਤੇ ਰੱਦ ਵੋਟਾਂ ਦੀ ਵੱਧ ਗਿਣਤੀ ਦਾ ਮਾਮਲਾ ਹੁਣ ਐੱਸ.ਡੀ.ਐੱਮ. ਦੀ ਅਦਾਲਤ ਤੱਕ ਪਹੁੰਚਿਆ

ਅਜੀਤ ਡੈਸਕ 20-07-2026
ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਦੀ ਚੋਣ 26 ਮਈ 2026 ਨੂੰ ਹੋਈ ਅਤੇ ਵੋਟਾਂ ਦੀ ਗਿਣਤੀ 29 ਮਈ 2026 ਨੂੰ ਹੋਈ ਸੀ। ਜਿਸ ਵਿੱਚ ਕਾਂਗਰਸ ਪਾਰਟੀ ਨੇ 15 ਵਿੱਚੋਂ 11 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ, ਜਦਕਿ ਆਮ ਆਦਮੀ ਪਾਰਟੀ ਸਿਰਫ਼ 4 ਸੀਟਾਂ ’ਤੇ ਹੀ ਸਿਮਟ ਗਈ ਸੀ। ਹਾਲਾਂਕਿ ਕੁਝ ਵਾਰਡਾਂ ਵਿੱਚ ਜਿੱਤ ਦਾ ਫ਼ਰਕ ਬਹੁਤ ਹੀ ਘੱਟ ਰਿਹਾ, ਜਦਕਿ ਉਨ੍ਹਾਂ ਵਾਰਡਾਂ ਵਿੱਚ ਰੱਦ ਹੋਈਆਂ ਵੋਟਾਂ ਦੀ ਗਿਣਤੀ ਕਾਫ਼ੀ ਵੱਧ ਸੀ। ਜਿਸ ਕਾਰਨ ਗਿਣਤੀ ਪ੍ਰਕਿਰਿਆ ’ਤੇ ਸ਼ੰਕਾ ਪੈਦਾ ਹੋਇਆ ਸੀ, ਉੱਥੇ ਹੀ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਰੱਦ ਵੋਟਾਂ ਨੂੰ ਲੈ ਕੇ ਕਾਫ਼ੀ ਤਣਾਅਪੂਰਨ ਮਾਹੌਲ ਬਣਿਆ ਰਿਹਾ ਸੀ ਪਰ ਆਖ਼ਰਕਾਰ ਰਿਟਰਨਿੰਗ ਅਫ਼ਸਰ ਨੇ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ ਸੀ। ਉਸ ਸਮੇਂ ਰਿਟਰਨਿੰਗ ਅਫ਼ਸਰ ਆਦੇਸ਼ ਕੁਮਾਰ ਗੁਪਤਾ ਨੇ ਹਾਰੇ ਹੋਏ ਉਮੀਦਵਾਰਾਂ ਨੂੰ ਰੱਦ ਕੀਤੀਆਂ ਵੋਟਾਂ ਵਿਖਾ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹੁਣ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ ਦੇ ਹਾਰ ਚੁੱਕੇ ਚਾਰ ਉਮੀਦਵਾਰਾਂ ਨੇ ਐੱਸ.ਡੀ.ਐੱਮ. ਰਾਏਕੋਟ ਦੀ ਅਦਾਲਤ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਹਨ। ਇੰਨ੍ਹਾਂ ਪਟੀਸ਼ਨਾਂ ਦੇ ਆਧਾਰ ’ਤੇ ਐੱਸ.ਡੀ.ਐੱਮ. ਰਾਏਕੋਟ ਖੁਸ਼ਪ੍ਰੀਤ ਸਿੰਘ ਨੇ ਕਾਂਗਰਸ ਦੇ ਚਾਰ ਚੁਣੇ ਹੋਏ ਕੌਂਸਲਰਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ 2026 ਲਈ ਨਿਰਧਾਰਿਤ ਕੀਤੀ ਗਈ ਹੈ।ਵਾਰਡ ਨੰਬਰ-11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਜੀਤ ਕੌਰ ਨੇ ਕਾਂਗਰਸ ਦੀ ਬਲਜੀਤ ਕੌਰ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਇਸ ਵਾਰਡ ਵਿੱਚ ਬਲਜੀਤ ਕੌਰ 26 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਸੀ, ਜਦਕਿ 59 ਵੋਟਾਂ ਰੱਦ ਹੋਈਆਂ ਸਨ। ਵਾਰਡ ਨੰਬਰ-12 ਤੋਂ ਆਮ ਆਦਮੀ ਪਾਰਟੀ ਦੇ ਇੰਦਰਜੀਤ ਸਿੰਘ ਨੇ ਕਾਂਗਰਸ ਦੇ ਬਲਜਿੰਦਰ ਸਿੰਘ ਰਿੰਪਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਕਾਂਗਰਸ ਉਮੀਦਵਾਰ ਸਿਰਫ਼ 6 ਵੋਟਾਂ ਦੇ ਫਰਕ ਨਾਲ ਜਿੱਤੇ ਸਨ, ਜਦਕਿ 34 ਵੋਟਾਂ ਰੱਦ ਹੋਈਆਂ ਸਨ। ਵਾਰਡ ਨੰਬਰ-13 ਤੋਂ ਆਮ ਆਦਮੀ ਪਾਰਟੀ ਦੀ ਸੋਨੀਆ ਮਿੱਢਾ ਨੇ ਕਾਂਗਰਸ ਦੀ ਅਮਨਦੀਪ ਕੌਰ ਗਰੇਵਾਲ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ ਅਤੇ ਅਮਨਦੀਪ ਕੌਰ ਗਰੇਵਾਲ ਸਿਰਫ਼ 2 ਵੋਟਾਂ ਨਾਲ ਜੇਤੂ ਰਹੀ ਸੀ, ਜਦਕਿ 28 ਵੋਟਾਂ ਰੱਦ ਹੋਈਆਂ ਸਨ। ਵਾਰਡ ਨੰਬਰ-15 ਤੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਸੁਖਬੀਰ ਸਿੰਘ ਨੂੰ ਅਦਾਲਤੀ ਸੰਮਨ ਭਿਜਵਾਇਆ ਹੈ। ਇਸ ਵਾਰਡ ਵਿੱਚ ਸੁਖਬੀਰ ਸਿੰਘ 3 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ, ਜਦਕਿ 47 ਵੋਟਾਂ ਰੱਦ ਹੋਈਆਂ ਸਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੀਆਂ ਪਟੀਸ਼ਨਾਂ ਵਿੱਚ ਦੋਸ਼ ਲਗਾਇਆ ਹੈ ਕਿ ਰੱਦ ਕੀਤੀਆਂ ਗਈਆਂ ਵੋਟਾਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਰੱਦ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਹਲਕੇ ਸਿਆਹੀ ਦੇ ਨਿਸ਼ਾਨ ਜਾਂ ਮੋਹਰ ਦੇ ਥੋੜ੍ਹੇ ਜਿਹੇ ਇੱਧਰ-ਉੱਧਰ ਹੋਣ ਦੇ ਆਧਾਰ ’ਤੇ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਸਰਕਾਰੀ ਨਿਗਰਾਨੀ ਹੇਠ ਮੁੜ ਗਿਣਤੀ (ਰੀ-ਕਾਊਂਟਿੰਗ) ਕਰਵਾਉਣ ਦੀ ਮੰਗ ਕੀਤੀ ਹੈ।ਪਟੀਸ਼ਨਾਂ ਵਿੱਚ ਅਜਿਹੇ ਪੁਰਾਣੇ ਕੇਸਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿੰਨ੍ਹਾਂ ਵਿੱਚ ਅਦਾਲਤਾਂ ਨੇ ਦਖ਼ਲ ਦੇ ਕੇ ਫ਼ੈਸਲੇ ਸੁਣਾਏ ਸਨ। ਇੰਨ੍ਹਾਂ ਸੰਮਨਾਂ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਇਸ ਮਾਮਲੇ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ 12ਵੇਂ ਦਿਨ ਵੀ ਜਾਰੀ 21 ਜੁਲਾਈ ਨੂੰ ਨੰਗਲ ’ਚ ਕੈਬਨਿਟ ਮੰਤਰੀ ਹਰਜੋਤ... ਅਗਲੀ ਖ਼ਬਰ ਅੱਤਵਾਦ ਦੇ ਨਾਂਅ ’ਤੇ ਖਪਾਏ ਨੌਜਵਾਨਾਂ ਸੰਬੰਧੀ ਅਸਲ ਤੱਥ ਬਾਹਰ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇ - ਮੁਲਤਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।