11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸੜਕ ਨਿਰਮਾਣ ਦੌਰਾਨ ਟ੍ਰੈਫਿਕ ਵਿਵਸਥਾ ਹੋਈ ਬੇਹਾਲ, ਲੋਕ ਹੋਏ ਖੱਜਲ-ਖੁਆਰ

ਅਜੀਤ ਡੈਸਕ 28-06-2026
ਜਗਰਾਉਂ, 27 ਜੂਨ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਜਗਰਾਉਂ ਸ਼ਹਿਰ ਦੇ ਤਹਿਸੀਲ ਰੋਡ ‘ਤੇ ਅਚਾਨਕ ਸੜਕ ਨਿਰਮਾਣ ਕਰਨ ਆਏ ਠੇਕੇਦਾਰ ਦੀ ਕਾਹਲ ਕਾਰਨ ਟ੍ਰੈਫਿਕ ਪੁਲਿਸ ਦੇ ਪ੍ਰਬੰਧ ਵੀ ਫਿੱਕੇ ਨਜ਼ਰ ਆਏ ਅਤੇ ਆਮ ਲੋਕਾਂ, ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਘੰਟਿਆਂ ਤੱਕ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਅੱਜ ਦੁਪਿਹਰ ਜਗਰਾਉ ਦੇ ਤਹਿਸੀਲ ਰੋਡ ‘ਤੇ ਸੜਕ ਦਾ ਨਿਰਮਾਣ ਸ਼ੁਰੂ ਹੋ ਗਿਆ ਪ੍ਰੰਤੂ ਸੜਕ ਬਣਾਉਣ ਦੀ ਸ਼ੁਰੂਆਤ ਤੋਂ ਪਹਿਲਾਂ ਨਾ ਤਾਂ ਕੋਈ ਢੁੱਕਵੀਂ ਯੋਜਨਾ ਬਣਾਈ ਗਈ ਅਤੇ ਨਾ ਹੀ ਲੋਕਾਂ ਨੂੰ ਆਵਾਜਾਈ ਲਈ ਕਿਸੇ ਬਦਲਵੇਂ ਰਸਤੇ ਬਾਰੇ ਜਾਣਕਾਰੀ ਦਿੱਤੀ ਗਈ। ਹੈਰਾਨੀਜਨਕ ਗੱਲ ਇਹ ਰਹੀ ਕਿ ਸੜਕ ਬਣਾਉਣ ਦਾ ਕੰਮ ਕਰ ਰਹੇ ਠੇਕੇਦਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ। ਸੜਕ ਦੇ ਦੋਨੋਂ ਪਾਸਿਆਂ ਜਾਂ ਮੁੱਖ ਚੌਕਾਂ ’ਤੇ ਕੋਈ ਦਿਸ਼ਾ-ਸੂਚਕ ਬੋਰਡ ਵੀ ਨਹੀਂ ਲਾਇਆ ਗਿਆ, ਜਿਸ ਕਾਰਨ ਖ਼ਾਸ ਤੌਰ ’ਤੇ ਬਾਹਰੀ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਚਾਲਕ ਬਿਨਾਂ ਜਾਣਕਾਰੀ ਦੇ ਅੱਗੇ ਵਧਦੇ ਰਹੇ ਅਤੇ ਅਚਾਨਕ ਸੜਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਨਿਰਮਾਣ ਕਾਰਜ ਕਾਰਨ ਸੜਕ ਲਗਭਗ ਵਨ-ਵੇ ਬਣ ਕੇ ਰਹਿ ਗਈ ਸੀ, ਜਿਸ ਨਾਲ ਦੋਨੋਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦੁਕਾਨਦਾਰਾਂ ਦਫ਼ਤਰ ਤਹਿਸੀਲ , ਐਸ.ਐਸ ਪੀ ਦਫ਼ਤਰ ਅਤੇ ਸਿਵਲ ਹਸਪਤਾਲ ਜਾਣ ਵਾਲੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੋਸ਼ ਲਾਇਆ ਕਿ ਬਿਨਾਂ ਟ੍ਰੈਫਿਕ ਪ੍ਰਬੰਧਨ ਦੇ ਅਜਿਹਾ ਕੰਮ ਸ਼ੁਰੂ ਕਰਨਾ ਸਿੱਧੀ ਤਰ੍ਹਾਂ ਜਨਤਾ ਦੀ ਸਹੂਲਤ ਨਾਲ ਖਿਲਵਾੜ ਹੈ। ਇਸ ਸਾਰੀ ਸਥਿਤੀ ਦੌਰਾਨ ਟ੍ਰੈਫਿਕ ਪੁਲਿਸ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਰਹੀ। ਮੌਕੇ ’ਤੇ ਮੌਜੂਦ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਸਿਰਫ਼ ਮੂਕ ਦਰਸ਼ਕ ਬਣੇ ਰਹੇ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ। ਇਸ ਸਬੰਧੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਕੁਮਾਰ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਸੜਕ ਨਿਰਮਾਣ ਕਰਨ ਵਾਲਾ ਅਮਲਾ ਅਚਾਨਕ ਆ ਗਿਆ ਜਿਸ ਕਾਰਨ ਮੌਕੇ ‘ਤੇ ਬਦਲਵੇਂ ਪ੍ਰਬੰਧ ਕਰਨੇ ਮੁਸ਼ਕਿਲ ਹੋ ਗਏ ।ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ‘ਚ ਅਜਿਹੀ ਸਮੱਸਿਆ ਨਹੀਂ ਆਵੇਗੀ।
ਪਿਛਲੀ ਖ਼ਬਰ ਸੱਤਗੁਣੀ ਮਹਾਂਪੁਰਸ਼ਾਂ ਦਾ ਜੀਵਨ ਸਿੱਖ ਸਿਧਾਂਤਾਂ ’ਚ ਪ੍ਰਪੱਕ ਹੋਣ ਦੀ ਸੇਧ ਦਿੰਦਾ ਹੈ- ਬਾਬਾ ਧੰਨਾ ਸਿੰਘ ਬੜੂੰਦੀ ਅਗਲੀ ਖ਼ਬਰ ਵਾਰਡ ਨੰਬਰ 5 ’ਚ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਤੋਂ ਕੁਟੀਆ ਤੱਕ ਬਣਨ ਵਾਲੀ ਸੜਕ ਦਾ ਨਿਰਮਾਣ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।