08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅੱਧੀ ਰਾਤ ਪੁਲਿਸ ਦੇ ਛਾਪੇਮਾਰੀ ਤੋਂ ਭੜਕੇ ਲੋਕ, ਵਰਦੀਧਾਰੀ 2 ਘਰਾਂ ’ਚ ਭਨਤੋੜ ਕਰ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ

ਅਜੀਤ ਡੈਸਕ 24-06-2026

ਪੀੜਤ ਪਰਿਵਾਰਾਂ ਦਾ ਦੋਸ਼ ਨਸ਼ੇ ਦੀ ਹਾਲਤ ’ਚ ਸਨ ਵਰਦੀਧਾਰੀ
ਜਗਰਾਉਂ, 23 ਜੂਨ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੇ ਰਾਣੀ ਵਾਲਾ ਖੂਹ ਇਲਾਕੇ ਵਿਚ ਸੋਮਵਾਰ ਅੱਧੀ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਪੁਲਿਸ ਦੀ ਵਰਦੀ ਪਹਿਨੇ ਕੁਝ ਵਿਅਕਤੀ ਦੋ ਘਰਾਂ ਵਿਚ ਦਾਖ਼ਲ ਹੋ ਕੇ ਕਥਿਤ ਤੌਰ ’ਤੇ ਭਨਤੋੜ ਕਰਨ ਅਤੇ ਨਕਦੀ ਤੇ ਕੀਮਤੀ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਘਰਾਂ ਵਿਚ ਦਾਖ਼ਲ ਹੋਏ ਸਨ। ਘਰ ਵਿਚ ਇਕੱਲੀ ਮਹਿਲਾ ਨਾਲ ਕੀਤੀ ਧੱਕਾ-ਮੁੱਕੀ, ਡੇਢ ਲੱਖ ਰੁਪਏ ਲੈ ਗਏ। ਪੀੜਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਪੁੱਤਰ ਮੰਡੀ ਵਿਚ ਮਜ਼ਦੂਰੀ ਕਰਦੇ ਹਨ। ਸੀਜ਼ਨ ਹੋਣ ਕਾਰਨ ਦੋਵੇਂ ਸੋਮਵਾਰ ਰਾਤ ਘਰ ਨਹੀਂ ਸਨ ਅਤੇ ਉਹ ਇਕੱਲੀ ਘਰ ਵਿਚ ਮੌਜੂਦ ਸੀ। ਅੱਧੀ ਰਾਤ ਕੁਝ ਵਿਅਕਤੀਆਂ ਨੇ ਦਰਵਾਜ਼ਾ ਖੜਕਾਇਆ। ਜਦੋਂ ਉਸ ਨੇ ਪੁੱਛਿਆ ਕਿ ਕੌਣ ਹੈ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਕਰਮਚਾਰੀ ਦੱਸਿਆ, ਜਿਸ ਤੋਂ ਬਾਅਦ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ। ਪਰਮਿੰਦਰ ਕੌਰ ਦੇ ਮੁਤਾਬਕ ਘਰ ਵਿਚ ਦਾਖ਼ਲ ਹੁੰਦੇ ਹੀ ਉਨ੍ਹਾਂ ਨੇ ਉਸ ਨਾਲ ਧੱਕਾ-ਮੁੱਕੀ ਕੀਤੀ, ਵਾਲ ਫੜ ਕੇ ਡਰਾਇਆ-ਧਮਕਾਇਆ ਅਤੇ ਘਰ ਦੀ ਤਲਾਸ਼ੀ ਦੇ ਨਾਂਅ ’ਤੇ ਭਨਤੋੜ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਗਾਇਆ ਕਿ ਦੋਸ਼ੀ ਘਰ ਵਿਚ ਪਏ ਕਰੀਬ ਡੇਢ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।
ਦੂਜੇ ਘਰ ਤੋਂ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਲੁੱਟਣ ਦੇ ਦੋਸ਼
ਇਸੇ ਤਰ੍ਹਾਂ ਦੂਜੀ ਪੀੜਤਾ ਚਰਨਜੀਤ ਕੌਰ ਨੇ ਵੀ ਦੋਸ਼ ਲਗਾਇਆ ਕਿ ਪੁਲਿਸ ਦੀ ਵਰਦੀ ਪਹਿਨੇ ਕੁਝ ਵਿਅਕਤੀ ਉਸ ਦੇ ਘਰ ਵਿਚ ਦਾਖ਼ਲ ਹੋਏ, ਜਿੱਥੇ ਉਨ੍ਹਾਂ ਨੇ ਭਨਤੋੜ ਕਰਨ ਤੋਂ ਬਾਅਦ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਆਪਣੇ ਨਾਲ ਲੈ ਗਏ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਵਰਦੀਧਾਰੀ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਲੱਗ ਰਹੇ ਸਨ। ਦਰਵਾਜ਼ਾ ਖੁੱਲ੍ਹਦੇ ਹੀ ਉਨ੍ਹਾਂ ਨੇ ਗਾਲੀ-ਗਲੌਚ ਸ਼ੁਰੂ ਕਰ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕੀਤੀ।
ਥਾਣਾ ਸਿਟੀ ਪੁਲਿਸ ਕੋਲ ਸ਼ਿਕਾਇਤ
ਪੀੜਤ ਪਰਿਵਾਰ ਨੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਸਿਟੀ ਜਗਰਾਉਂ ਅੱਗੇ ਧਰਨਾ ਲਗਾਇਆ, ਇਸ ਦੌਰਾਨ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਲਾਕੇ ਦੇ ਲੋਕਾਂ ਵਿਚ ਵੀ ਇਸ ਘਟਨਾ ਨੂੰ ਲੈ ਕੇ ਡਰ ਅਤੇ ਰੋਸ ਪਾਇਆ ਜਾ ਰਿਹਾ ਹੈ। ਥਾਣਾ ਸਿਟੀ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਪੁਲਿਸ ਵਲੋਂ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਰੇਡਾਂ ਜ਼ਰੂਰ ਕੀਤੀਆਂ ਸਨ, ਪਰ ਜਿਨ੍ਹਾਂ ਘਰਾਂ ਵਿਚ ਭਨਤੋੜ, ਨਕਦੀ ਅਤੇ ਗਹਿਣੇ ਲੈ ਜਾਣ ਦੇ ਦੋਸ਼ ਲਗਾਏ ਗਏ ਹਨ, ਉੱਥੇ ਜਾਣ ਵਾਲੇ ਲੋਕ ਅਸਲ ਵਿਚ ਪੁਲਿਸ ਕਰਮਚਾਰੀ ਸਨ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਚ.ਓ. ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਪੁਲਿਸ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਦਿੱਲੀ ਹਾਈਕਮਾਨ ਵਲੋਂ ਪੰਜਾਬ ਦੇ ਕਾਂਗਰਸੀਆਂ ਨਾਲ ਮੀਟਿੰਗਾਂ ਬਿਨਾਂ ਸ਼ੱਕ ਚੋਣ ਸਰਗਰਮੀਆਂ ਦਾ ਸੰਕੇਤ-ਕੇ. ਡੀ. ਵੈਦ ਅਗਲੀ ਖ਼ਬਰ ਨਿਤਿਨ ਨਬੀਨ ਦੀ ਪੰਜਾਬ ਫੇਰੀ ਮਹਿਜ਼ ਇਕ ਫ਼ੋਟੋ ਸੈਸ਼ਨ-ਹਰਚੰਦ ਸਿੰਘ ਬਰਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।