29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਿੰਡ ਹਾਂਸ ਕਲਾਂ ਦੇ ਟਰੱਕ ਡਰਾਈਵਰ ਦਾ ਪੁੱਤ ਬਣਿਆ ਕੌਮਾਂਤਰੀ ਹਾਕੀ ਮੁਕਾਬਲੇ ਦਾ ਵਿਜੇਤਾ

ਅਜੀਤ ਡੈਸਕ 31-05-2026
ਚੌਂਕੀਮਾਨ, 30 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਦੀ ਧਰਤੀ ਹਮੇਸ਼ਾਂ ਹੀ ਖੇਡਾਂ ਦੇ ਮੈਦਾਨ ਵਿਚ ਦੇਸ਼ ਨੂੰ ਮਾਣ ਬਖ਼ਸ਼ਦੀ ਰਹੀ ਹੈ | ਇਸ ਗੱਲ ਨੂੰ ਇਕ ਵਾਰ ਫਿਰ ਸਾਬਿਤ ਕਰਦਿਆਂ ਜਗਰਾਉਂ ਨੇੜਲੇ ਪਿੰਡ ਚਚਰਾੜੀ ਦੇ ਖੇਡ ਗਰਾਊਾਡਾਂ 'ਚ ਖੇਡ ਕੇ ਨਾਮ ਕਮਾਉਣ ਵਾਲੇ ਉੱਭਰਦੇ ਖਿਡਾਰੀ ਜਸ਼ਨਦੀਪ ਸਿੰਘ ਨੇ ਕੀਨੀਆ ਵਿਚ ਹੋਏ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਪਹਿਲਾ ਸਥਾਨ ਦਿਵਾਉਣ ਵਿਚ ਅਹਿਮ ਯੋਗਦਾਨ ਪਾਇਆ | ਪਿੰਡ ਹਾਂਸ ਕਲਾਂ ਦੇ ਟਰੱਕ ਡਰਾਈਵਰ ਕਰਮਜੀਤ ਸਿੰਘ ਦੇ ਹੋਣਹਾਰ ਪੁੱਤਰ ਜਸ਼ਨਦੀਪ ਸਿੰਘ ਦੀ ਇਹ ਪ੍ਰਾਪਤੀ ਨਾ ਸਿਰਫ਼ ਉਸਦੇ ਪਰਿਵਾਰ ਲਈ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਬਣ ਗਈ ਹੈ | ਸਧਾਰਨ ਪਰਿਵਾਰ ਨਾਲ ਸਬੰਧਿਤ ਜਸ਼ਨਦੀਪ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦੇ ਸਦਕਾ ਇਹ ਉੱਚਾ ਮੁਕਾਮ ਹਾਸਲ ਕੀਤਾ ਹੈ | ਕੀਨੀਆ ਤੋਂ ਜੇਤੂ ਬਣ ਕੇ ਵਾਪਿਸ ਆਏ ਜਸ਼ਨਦੀਪ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਅਤੇ ਯਾਦਗਾਰੀ ਸਵਾਗਤ ਕੀਤਾ ਗਿਆ | ਪਿੰਡ ਵਾਸੀਆਂ ਨੇ ਕਿਹਾ ਕਿ ਜਸ਼ਨਦੀਪ ਦੀ ਕਾਮਯਾਬੀ ਨੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਦਿਆਂ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਜਸ਼ਨਦੀਪ ਸਿੰਘ ਨੇ ਆਪਣੀ ਖੇਡ ਦੀ ਸ਼ੁਰੂਆਤ ਸਰਕਾਰੀ ਸੈਕੰਡਰੀ ਸਕੂਲ ਚਚਰਾੜੀ ਦੇ ਮੈਦਾਨਾਂ ਤੋਂ ਕੀਤੀ ਸੀ | ਇਸ ਸਮੇਂ ਉਹ ਚੰਡੀਗੜ੍ਹ ਸਥਿਤ ਰਾਊਾਡ ਗਲਾਸ ਹਾਕੀ ਅਕੈਡਮੀ ਵਿਚ ਉੱਚ ਪੱਧਰੀ ਸਿਖਲਾਈ ਪ੍ਰਾਪਤ ਕਰ ਰਿਹਾ ਹੈ | ਆਪਣੀ ਕਾਬਲੀਅਤ ਅਤੇ ਨਿਰੰਤਰ ਮਿਹਨਤ ਦੇ ਬਲਬੂਤੇ ਉਸ ਨੇ ਅੰਡਰ-19 ਭਾਰਤੀ ਟੀਮ ਵਿਚ ਵਿਸ਼ੇਸ਼ ਥਾਂ ਬਣਾਈ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਕਾਇਮ ਕੀਤੀ ਹੈ | ਜਸ਼ਨਦੀਪ ਦੀ ਇਸ ਸ਼ਾਨਦਾਰ ਉਪਲੱਬਧੀ 'ਤੇ ਉਸਦੇ ਕੋਚ ਸੁਖਵਿੰਦਰ ਸਿੰਘ ਅਤੇ ਸਕੂਲ ਦੀ ਪਿ੍ੰਸੀਪਲ ਸਿਮਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਸ਼ਨਦੀਪ ਨੇ ਸਰਕਾਰੀ ਸੈਕੰਡਰੀ ਸਕੂਲ ਚਚਰਾੜੀ, ਪਿੰਡ ਹਾਂਸ ਕਲਾਂ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਹੁੰਦੇ ਹਨ | ਆਪਣੀ ਸਫ਼ਲਤਾ ਬਾਰੇ ਗੱਲ ਕਰਦਿਆਂ ਜਸ਼ਨਦੀਪ ਸਿੰਘ ਨੇ ਕਿਹਾ ਕਿ ਇਹ ਉਸਦੀ ਮਿਹਨਤ, ਮਾਪਿਆਂ ਦੀਆਂ ਦੁਆਵਾਂ ਅਤੇ ਕੋਚਾਂ ਦੀ ਰਹਿਨੁਮਾਈ ਦਾ ਨਤੀਜਾ ਹੈ | ਉਸ ਨੇ ਕਿਹਾ ਕਿ ਉਸਦਾ ਅਗਲਾ ਟੀਚਾ ਭਾਰਤੀ ਸੀਨੀਅਰ ਹਾਕੀ ਟੀਮ ਵਿਚ ਜਗ੍ਹਾ ਬਣਾਕੇ ਦੇਸ਼ ਲਈ ਖੇਡਣਾ ਅਤੇ ਆਪਣੇ ਇਲਾਕੇ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕਰਨਾ ਹੈ | ਜਸ਼ਨਦੀਪ ਦੀ ਇਹ ਉਪਲਬਧੀ ਇਸ ਗੱਲ ਦਾ ਸਬੂਤ ਹੈ ਕਿ ਪ੍ਰਤਿਭਾ ਕਿਸੇ ਸਹੂਲਤ ਜਾਂ ਵੱਡੇ ਪਿਛੋਕੜ ਦੀ ਮੋਹਤਾਜ ਨਹੀਂ ਹੁੰਦੀ, ਸਗੋਂ ਮਜ਼ਬੂਤ ਇਰਾਦੇ, ਨਿਰੰਤਰ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਇਕ ਟਰੱਕ ਡਰਾਈਵਰ ਦਾ ਪੁੱਤ ਅੱਜ ਅੰਤਰਰਾਸ਼ਟਰੀ ਹਾਕੀ ਮੈਦਾਨ ਵਿਚ ਜਿੱਤ ਦਾ ਪਰਚਮ ਲਹਿਰਾ ਕੇ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਗਿਆ ਹੈ | ਇਸ ਮੌਕੇ ਗੁਰਚਰਨ ਸਿੰਘ ਸਰਪੰਚ ਨੇ ਜਸ਼ਨਦੀਪ ਸਿੰਘ ਦੀ ਪ੍ਰਾਪਤੀ 'ਤੇ ਨਾਜ਼ ਕਰਦਿਆਂ ਸਕੂਲ ਸਟਾਫ਼ ਅਤੇ ਕੋਚ ਸਾਹਿਬਾਨ ਨੂੰ.ਵਧਾਈ ਦਿੱਤੀ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਦੇਹੜਕਾ ਤੋਂ ਰਵਾਨਾ ਅਗਲੀ ਖ਼ਬਰ ਕੌਂਸਲਰ ਬਲਵਿੰਦਰ ਸਿੰਘ ਬੱਸਣ ਵਲੋਂ ਨਿਗਮ ਚੋਣਾਂ 'ਚ ਜਿੱਤ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।