18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਲੈਂਡਮਾਰਗੇਜ਼ ਬੈਂਕ ਰਾਏਕੋਟ ਸਾਹਮਣੇ ਬੀ.ਕੇ.ਯੂ. (ਸਿੱਧੂਪੁਰ) ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

ਅਜੀਤ ਡੈਸਕ 31-03-2026
-ਮਾਮਲਾ ਬੈਂਕ ਕਰਜ਼ੇ ਤੋਂ ਪ੍ਰੇਸ਼ਾਨ 2 ਕਿਸਾਨ ਭਰਾਵਾਂ ਵਲੋਂ ਖੁਦਕੁਸ਼ੀ ਕਰਨ ਦਾ-

ਰਾਏਕੋਟ, 30 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀ ਨੌਂ ਦੇ ਵਸਨੀਕ 2 ਕਿਸਾਨ ਭਰਾਵਾਂ ਵਲੋਂ ਬੈਂਕ ਕਰਜ਼ੇ ਦੇ ਬੋਝ ਅਤੇ ਕਥਿਤ ਤੌਰ 'ਤੇ ਬੈਂਕ ਅਧਿਕਾਰੀਆਂ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੁੰਦਿਆਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਹੁਣ ਦਿਨੋਂ-ਦਿਨ ਭਖ਼ਦਾ ਜਾ ਰਿਹਾ ਹੈ | ਇਸ ਘਟਨਾ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਰਾਏਕੋਟ ਵਿਖੇ ਸਥਿਤ ਲੈਂਡਮਾਰਗੇਜ਼ ਬੈਂਕ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਆਪਣੀ ਭੜਾਸ ਕੱਢੀ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀ ਨੌਂ ਦੇ 2 ਸਕੇ ਕਿਸਾਨ ਭਰਾਵਾਂ ਨੇ ਬੈਂਕ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਬੈਂਕ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਉਹ ਕਰਜ਼ਾ ਵਸੂਲੀ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਕਿਸਾਨ ਭਰਾ ਭਾਰੀ ਦਬਾਅ ਹੇਠ ਸਨ ਪ੍ਰੰਤੂ ਆਰਥਿਕ ਤੰਗੀ ਅਤੇ ਫ਼ਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਸਨ | ਧਰਨੇ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਬੈਂਕ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧੇ | ਉਨ੍ਹਾਂ ਕਿਹਾ ਕਿ ਸਰਕਾਰਾਂ ਚੋਣਾਂ ਵੇਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਵਿਚ ਅੱਜ ਵੀ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬੈਂਕਾਂ ਵਲੋਂ ਗਰੀਬ ਕਿਸਾਨਾਂ ਨੂੰ ਧਮਕਾਉਣਾ ਬੰਦ ਕੀਤਾ ਜਾਵੇ, ਮਿ੍ਤਕ ਕਿਸਾਨਾਂ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਤੁਰੰਤ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਮਦਦ ਦਿੱਤੀ ਜਾਵੇ | ਜਿੰਨ੍ਹਾਂ ਬੈਂਕ ਅਧਿਕਾਰੀਆਂ ਨੇ ਉਕਤ ਕਿਸਾਨ ਭਰਾਵਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਹੈ | ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਅਤੇ ਬੈਂਕਾਂ ਵਲੋਂ ਕੀਤੀ ਜਾਂਦੀ ਜ਼ਬਰਦਸਤੀ ਵਸੂਲੀ 'ਤੇ ਮੁਕੰਮਲ ਰੋਕ ਲਗਾਈ ਜਾਵੇ | ਰੋਸ ਪ੍ਰਦਰਸ਼ਨ ਦੇ ਅਖੀਰ ਵਿਚ ਗੁੱਸੇ ਵਿਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਾ ਲਈ ਅਤੇ ਬੈਂਕਾਂ ਦੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਬਲਾਕ ਆਗੂ ਜਤਿੰਦਰ ਸਿੰਘ ਜੋਤੀ, ਜਗਰੂਪ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਰਾਏਕੋਟ, ਅਮਰੀਕ ਸਿੰਘ ਹਲਵਾਰਾ ਪ੍ਰਧਾਨ ਬਲਾਕ ਸੁਧਾਰ, ਕਰਮਜੀਤ ਸਿੰਘ ਕੋਟ ਆਗਾਂ ਜਨਰਲ ਸਕੱਤਰ ਬਲਾਕ ਪੱਖੋਵਾਲ, ਗੁਰਿੰਦਰ ਸਿੰਘ ਜੁੜਾਹਾਂ ਪ੍ਰਧਾਨ ਬਲਾਕ ਪੱਖੋਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ ਐਤੀਆਣਾ, ਸਾਬਕਾ ਸਰਪੰਚ ਲਖਵੀਰ ਸਿੰਘ ਐਤੀਆਣਾ, ਸੁਖਦੇਵ ਸਿੰਘ ਮੋਹੀ ਬਲਾਕ ਆਗੂ ਪੱਖੋਵਾਲ, ਜਗਦੇਵ ਸਿੰਘ ਜਵੰਧਾ, ਗੁਰਮੇਲ ਸਿੰਘ ਭੈਣੀ ਬੜਿੰਗਾ, ਮਹਿੰਦਰ ਸਿੰਘ ਭੈਣੀ ਬੜਿੰਗਾ, ਤਰਸੇਮ ਲਾਲ, ਕਮਲਜੀਤ ਸਿੰਘ ਰਾਜੋਆਣਾ, ਬੂਟਾ ਸਿੰਘ ਹਲਵਾਰਾ, ਤਾਰਾ ਸਿੰਘ ਰਾਜੋਆਣਾ, ਅਜਮੇਰ ਸਿੰਘ ਰਾਜੋਆਣਾ, ਰਵਜੋਤ ਸਿੰਘ ਰਾਜੋਆਣਾ, ਬਲਵੀਰ ਸਿੰਘ ਰਾਜੋਆਣਾ, ਜਸਵੰਤ ਸਿੰਘ ਭੈਣੀ ਬੜਿੰਗਾ, ਗੁਰਮੀਤ ਸਿੰਘ ਬਾਠ ਰਾਜੋਆਣਾ, ਚਮਕੌਰ ਸਿੰਘ ਬਾਠ ਰਾਜੋਆਣਾ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿੰਗ ਐੱਸ.ਓ.ਆਈ. ਲਈ ਰਿੱਕੀ ਭਨੋਹੜ ਹਲਕਾ ਦਾਖਾ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਕੰਧ ਨੂੰ ਪਾੜ ਲਗਾ ਕੇ ਕੀਤੀ ਸੁਨਿਆਰੇ ਦੀ ਦੁਕਾਨ 'ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।