ਮੁੱਲਾਂਪੁਰ-ਦਾਖਾ, 30 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਗ੍ਰਹਿਣ ਕਰ ਰਹੀਆਂ ਕਿਸ਼ੋਰ ਅਵਸਥਾ ਲੜਕੀਆਂ ਲਈ ਸ਼ੋਸ਼ਲ ਮੀਡੀਆ ਮਿੱਠੀ ਜ਼ਹਿਰ ਬਣਦਾ ਜਾ ਰਿਹਾ, ਜਿਸ ਦਾ ਖਮਿਆਜ਼ਾ ਬਾਅਦ 'ਚ ਨਬਾਲਿਗ ਬਾਲੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ | ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ 12ਵੀਂ ਜਮਾਤ ਵਿਦਿਆਰਥਣਾਂ ਜਿਨ੍ਹਾਂ ਵਿਚ ਇਕ ਮੁੱਲਾਂਪੁਰ ਅਤੇ ਦੂਸਰੀ ਪਿੰਡ ਪੰਡੋਰੀ, ਦੋਵੇਂ ਲੜਕੀਆਂ ਨੂੰ ਪ੍ਰਵਾਸੀਆਂ ਦੇ ਲੜਕੇ ਨਿਖਲ ਸਾਹਨੀ ਅਤੇ ਅਮਿਤ ਪਾਸਵਾਨ ਵਰਗਲਾ ਕੇ ਲੈ ਗਏ | ਉਕਤ ਲੜਕੀਆਂ ਦੇ ਮਾਪਿਆਂ ਵਲੋਂ ਆਪਣੇ ਪੱਧਰ 'ਤੇ ਪੜਤਾਲ ਬਾਅਦ ਦਾਖਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ | ਥਾਣੇਦਾਰ ਨਰਿੰਦਰ ਕੁਮਾਰ ਵਲੋਂ ਜ਼ੁਰਮ ਦੀਆਂ ਧਾਰਾਵਾਂ 137 (2), 96 ਬੀ.ਐੱਨ.ਐੱਸ ਹੇਠ ਨਿਖਲ ਅਤੇ ਅਮਿਤ ਵਿਰੁੱਧ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਨੁਸਾਰ ਬਿਹਾਰ ਮੂਲ ਦੇ ਉਕਤ ਲੜਕੇ ਏਕਤਾ ਨਗਰ ਮੰਡੀ ਮੁੱਲਾਂਪੁਰ ਦੇ ਵਸਨੀਕ ਦੱਸੇ ਗਏ ਹਨ, ਪੁਲਿਸ ਦੋਵਾਂ ਦੇ ਪਰਿਵਾਰਾਂ ਕੋਲੋਂ ਉਕਤ ਲੜਕਿਆਂ ਦਾ ਥਹੁ ਪਤਾ ਪੁੱਛ ਰਹੀ ਹੈ ਤਾਂ ਜੋ ਦੋਵੇਂ ਨਾਬਾਲਿਗ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਜਾਵੇ |