02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪ੍ਰਭਜੋਤ ਸਿੰਘ ਸੋਹੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਬੋਰਡ 'ਚ ਨਾਮਜ਼ਦ

ਅਜੀਤ ਡੈਸਕ 29-03-2026
ਜਗਰਾਉਂ, 28 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ ਦੇ ਮੈਂਬਰ ਪ੍ਰਭਜੋਤ ਸਿੰਘ ਸੋਹੀ ਨੂੰ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਵਿਚ ਸ਼ਾਮਿਲ ਕੀਤੇ ਜਾਣ 'ਤੇ ਸਾਹਿਤ ਸਭਾ ਜਗਰਾਉਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ | ਉੱਘੇ ਚਿੰਤਕ ਅਤੇ ਆਲੋਚਕ ਐੱਚ.ਐੱਸ. ਡਿੰਪਲ ਨੇ ਆਖਿਆ ਕਿ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਪ੍ਰਭਜੋਤ ਸੋਹੀ ਦੀ ਨਾਮਜ਼ਦਗੀ ਨੌਜਵਾਨ ਸਾਹਿਤਕਾਰਾਂ ਲਈ ਚਾਨਣ ਮੁਨਾਰਾ ਸਾਬਿਤ ਹੋਵੇਗੀ ਤੇ ਸੋਹੀ ਨਵੇਂ ਪੋਚ ਦੇ ਲੇਖਕਾਂ ਲਈ ਨਵੀਂਆਂ ਸੰਭਾਵਨਾਵਾਂ ਪੈਦਾ ਕਰਨਗੇ | ਸਭਾ ਦੇ ਪ੍ਰਧਾਨ ਹਰਕੋਮਲ ਸਿੰਘ ਬਰਿਆਰ ਨੇ ਸੋਹੀ ਦੀ ਇਸ ਪ੍ਰਾਪਤੀ ਨੂੰ ਸਾਹਿਤ ਸਭਾ ਅਤੇ ਜਗਰਾਉਂ ਇਲਾਕੇ ਦਾ ਮਾਣ ਦੱਸਿਆ ਹੈ | 27 ਅਗਸਤ 1969 ਨੂੰ ਪਿੰਡ ਸੋਹੀਆਂ 'ਚ ਪਿਤਾ ਸ: ਭੁਪਿੰਦਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਨਿਰੰਜਣ ਕੌਰ ਦੀ ਕੁੱਖੋਂ ਜਨਮੇ ਪ੍ਰਭਜੋਤ ਸਿੰਘ ਨੂੰ ਬਚਪਨ ਵੇਲੇ ਤੋਂ ਹੀ ਸਾਹਿਤ ਨਾਲ ਲਗਾਅ ਸੀ | ਉਹ ਉੱਘੇ ਗਜ਼ਲਗੋ ਕੇਸਰ ਸਿੰਘ ਨੀਰ ਦੇ ਵਿਦਿਆਰਥੀ ਰਹੇ ਹਨ | ਕਿੱਤੇ ਵਜੋਂ ਅਧਿਆਪਕ ਰਹੇ ਸੋਹੀ ਨੇ 6 ਕਾਵਿ ਸੰਗ੍ਰਹਿ ਅਤੇ 1 ਕਹਾਣੀਆਂ ਦੀ ਪੁਸਤਕ ਸਮੇਤ 7 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ | ਸੋਹੀ ਦੀ ਕਵਿਤਾ ਸਾਹਿਤਕ ਮੰਚਾਂ ਅੰਦਰ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ | ਇਸੇ ਚਰਚਾ ਨੇ ਉਸਨੂੰ 'ਲਫਜ਼ਾਂ ਦੀ ਮਹਿਕ' ਅੰਤਰਰਾਸ਼ਟਰੀ ਲੇਖਕ ਪਾਠਕ ਮੰਚ (ਅਦਾਰਾ ਲੋਹਮਣੀ) ਵਲੋਂ ਸਾਹਿਤਕ ਗੀਤਕਾਰ ਵਜੋਂ ਸਨਮਾਨ, ਸਾਹਿਤ ਸਭਾ ਸਮਰਾਲਾ ਵਲੋਂ ਸਾਹਿਤ ਅਤੇ ਲਲਿਤ ਕਲਾਵਾਂ 'ਚ ਪਾਏ ਯੋਗਦਾਨ ਲਈ ਸਨਮਾਨਿਤ, 2015 ਗੁਰੂ ਨਾਨਕ ਲੋਕ ਸੇਵਾ ਸੋਸਾਇਟੀ ਹਾਂਸ ਕਲਾਂ ਵਲੋਂ ਬੈਸਟ ਟੀਚਰ ਵਜੋਂ ਸਨਮਾਨ, ਜਨਵਾਦੀ ਲੇਖਕ ਮੰਚ ਵਲੋਂ ਪੰਡਿਤ ਪਦਮ ਨਾਥ ਸ਼ਾਸ਼ਤਰੀ ਸ਼੍ਰੋਮਣੀ ਕਵਿਤਾ ਪੁਰਸਕਾਰ, ਡਾਕਟਰ ਆਤਮ ਹਮਰਾਹੀ ਯਾਦਗਾਰੀ ਪੁਰਸਕਾਰ-2022, ਪ੍ਰੀਤਮ ਸਿੰਘ ਰਾਹੀ ਕਵਿਤਾ ਪੁਰਸਕਾਰਾਂ ਦੇ ਵੱਡੇ ਸਨਮਾਨ ਹਾਸਲ ਕਰਨ ਦਾ ਮਾਣ ਦਿੱਤਾ |
ਪ੍ਰਭਜੋਤ ਸੋਹੀ ਨੇ ਕਵਿਤਾ ਦੇ ਮਾਧਿਅਮ ਰਾਹੀਂ ਜਲੰਧਰ ਦੂਰਦਰਸ਼ਨ ਸਮੇਤ ਨੈਸ਼ਨਲ ਦੂਰਦਰਸ਼ਨ 'ਤੇ ਕਈ ਵਾਰ ਕਵਿਤਾ ਪਾਠ ਨਾਲ ਹਾਜ਼ਰੀ ਭਰੀ | ਪ੍ਰੋ: ਐੱਚ. ਐੱਸ. ਡਿੰਪਲ, ਰਾਜਦੀਪ ਤੂਰ, ਪ੍ਰੋ: ਕਰਮ ਸਿੰਘ ਸੰਧੂ, ਹਰਬੰਸ ਸਿੰਘ ਅਖਾੜਾ, ਅਜੀਤ ਪਿਆਸਾ ਅਤੇ ਕੁਲਦੀਪ ਸਿੰਘ ਲੋਹਟ ਨੇ ਪ੍ਰਭਜੋਤ ਸੋਹੀ ਨੂੰ ਸ਼ੁੱਭ ਇਛਾਵਾਂ ਭੇਟ ਕੀਤੀਆਂ ਹਨ |
ਪਿਛਲੀ ਖ਼ਬਰ ਅੱਜ ਪਿੰਡ ਦੁਧਾਲ 'ਚ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਵੇਗੀ ਬਸਪਾ ਅਗਲੀ ਖ਼ਬਰ ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ ਦੀ ਮਾਤਾ ਬਲਜੀਤ ਕੌਰ ਨੂੰ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।