ਹਠੂਰ, 26 ਮਾਰਚ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਬੀਤੀ ਰਾਤ 5 ਤੁਕ ਤੁਕ ਵਾਲੇ ਸੰਪਟ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ਸਜੇ | ਅੱਜ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ 26 ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠਾਂ ਦੀਆਂ ਚੱਲ ਰਹੀਆਂ ਲੜੀਆਂ ਦੇ ਭੋਗ ਪਾਏ | ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਰੰਭ ਹੋਏ | ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹਾਜ਼ਰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕਰਦਿਆਂ ਸਮੂਹ ਸੰਗਤਾਂ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਨੇ ਲੱਖਾਂ ਪ੍ਰਾਣੀਆਂ ਨੂੰ ਅੰਮਿ੍ਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ | ਉਨ੍ਹਾਂ ਨੇ ਆਪਣੀ ਜਨਮ ਭੂਮੀ ਪਿੰਡ ਝੋਰੜਾਂ ਨੂੰ ਭਾਗ ਲਾਏ ਅਤੇ ਅੱਜ ਝੋਰੜਾਂ ਨਗਰ ਦਾ ਨਾਂਅ ਪੂਰੀ ਦੁਨੀਆਂ 'ਚ ਮਸ਼ਹੂਰ ਹੈ | ਇਸ ਉਪਰੰਤ ਤਕਰੀਬਨ ਇਕ ਕਿਲੋਮੀਟਰ ਲੰਮੇ ਇਸ ਨਗਰ ਕੀਰਤਨ ਦੀ ਰਵਾਨਗੀ ਹੋਈ, ਜਿਸ 'ਚ ਫੌਜੀ, ਬੈਂਡ, ਗੱਤਕਾ ਪਾਰਟੀਆਂ, ਸਕੂਲੀ ਬੱਚਿਆਂ, ਝਾੜੂ ਵਾਲੇ ਸੇਵਾਦਾਰ, ਅਨੇਕਾਂ ਝਾਕੀਆਂ ਨਗਰ ਕੀਰਤਨ ਦੀਆਂ ਸ਼ੋਭਾ ਵਧਾ ਰਹੀਆਂ ਸਨ ਅਤੇ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਟਰੈਕਟਰ ਟਰਾਲੀਆਂ, ਹੋਰ ਵਹੀਕਲਾਂ ਅਤੇ ਪੈਦਲ ਨਾਮ ਸਿਮਰਨ ਕਰਦੀਆਂ ਹਾਜ਼ਰੀਆਂ ਲਵਾ ਰਹੀਆਂ ਸਨ | ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਬਿੰਦਰ ਸਿੰਘ, ਭਾਈ ਗੋਰਾ ਸਿੰਘ ਆਪਣੀ-ਆਪਣੀ ਡਿਊਟੀ 'ਤੇ ਤਤਪਰ ਰਹਿ ਕੇ ਸੇਵਾ ਕਰ ਰਹੇ ਸਨ | ਨਗਰ ਕੀਰਤਨ ਪੜਾਅ ਦਰ ਪੜਾਅ ਹੁੰਦਾ, ਖੇਡ ਸਟੇਡੀਅਮ ਪੁੱਜਾ, ਜਿੱਥੇ ਧਾਰਮਿਕ ਦੀਵਾਨ ਸਜੇ | ਦੀਵਾਨਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਸ ਪਾਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਹਮੇਸ਼ਾਂ ਮੌਜ਼ੂਦ ਹੈ, ਇਸ ਲਈ ਸਾਨੂੰ ਆਪਣਾ ਭਰੋਸਾ ਕਰੜਾ ਕਰਨਾ ਚਾਹੀਦਾ ਹੈ | ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਨੇ ਦਿ੍ੜ ਭਰੋਸਾ ਰੱਖਿਆ ਤੇ ਅੱਜ ਉਨ੍ਹਾਂ ਦੀਆਂ ਯਾਦਾਂ ਸਮੁੱਚੀ ਦੁਨੀਆਂ 'ਚ ਮਨਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਾਨਕਸਰ ਅਤੇ ਨਾਨਕਸਰ ਦੇ ਸਮੂਹ ਮਹਾਂਪੁਰਸ਼ ਹਮੇਸ਼ਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿ ਕੇ ਪੰਥ ਨਾਲ ਔਖੇ ਸਮੇਂ ਵੀ ਡਟ ਕੇ ਖੜੇ੍ਹ ਰਹੇ ਹਨ | ਇਸ ਮੌਕੇ ਗਿਆਨੀ ਰਣਜੀਤ ਸਿੰਘ ਗਹੌਰ ਸਾਬਕਾ ਜਥੇਦਾਰ, ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ, ਬਾਬਾ ਰੇਸ਼ਮ ਸਿੰਘ ਖੁਖਰਾਣਾ ਵਾਲਿਆਂ ਨੇ ਵੀ ਸੰਬੋਧਨ ਕੀਤਾ | ਆਖ਼ਰ 'ਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕੀਤੇ ਅਤੇ ਇੰਨ੍ਹਾਂ ਸਮਾਗਮਾਂ 'ਚ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ | ਸਟੇਜ਼ ਦੀ ਕਾਰਵਾਈ ਭਾਈ ਸਤਨਾਮ ਸਿੰਘ ਨੇ ਬਾਖੂਬੀ ਚਲਾਈ | ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ ਤੇ ਸਮੂਹ ਗ੍ਰਾਮ ਪੰਚਾਇਤ ਨੇ ਸੰਤ ਬਾਬਾ ਘਾਲਾ ਸਿੰਘ ਨੂੰ ਸਨਮਾਨਿਤ ਕੀਤਾ |