ਭੂੰਦੜੀ, 25 ਮਾਰਚ (ਕੁਲਦੀਪ ਸਿੰਘ ਮਾਨ)-ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ (ਡੀ. ਐੱਮ.) ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਵਿਰਕ ਆਸਟ੍ਰੇਲੀਆ ਨੇ ਗੰਭੀਰ ਚਿੰਤਾ ਜਤਾਈ ਹੈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਕਿਸੇ ਇਕ ਮੰਤਰੀ ਦੀ ਗਿ੍ਫਤਾਰੀ ਤੱਕ ਸੀਮਿਤ ਨਹੀਂ, ਸਗੋਂ ਪੂਰੇ ਪ੍ਰਕਰਣ ਦੀ ਗਹਿਰਾਈ ਨਾਲ ਜਾਂਚ ਦਾ ਹੈ, ਜੋ ਕਿਸੇ ਨਿਰਪੱਖ ਏਜੰਸੀ ਵਲੋਂ ਕਰਵਾਈ ਜਾਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਇਹ ਕੇਵਲ ਇਕ ਅਧਿਕਾਰੀ ਦੀ ਮੌਤ ਦਾ ਮਾਮਲਾ ਨਹੀਂ, ਬਲਕਿ ਇਹ ਸੂਬੇ ਦੇ ਪ੍ਰਬੰਧਕੀ ਢਾਂਚੇ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਆਗੂਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਮਾਮਲੇ ਵਿਚ ਗੈਂਗਸਟਰਾਂ ਨਾਲ ਸੰਬੰਧ ਜਾਂ ਸਿਆਸੀ ਸਰਪ੍ਰਸਤੀ ਵਰਗੀ ਵੱਡੀ ਸਾਜ਼ਿਸ਼ ਵੀ ਸਾਹਮਣੇ ਆ ਸਕਦੀ ਹੈ, ਜਿਸ ਕਾਰਨ ਇਸਦੀ ਨਿਰਪੱਖ ਜਾਂਚ ਬੇਹੱਦ ਜ਼ਰੂਰੀ ਬਣ ਜਾਂਦੀ ਹੈ | ਇਯਾਲੀ ਅਤੇ ਵਿਰਕ ਨੇ ਜ਼ੋਰ ਦੇ ਕੇ ਕਿਹਾ ਕਿ ਸੱਚਾਈ ਨੂੰ ਸਾਹਮਣੇ ਲਿਆਉਣਾ ਲਾਜ਼ਮੀ ਹੈ ਤਾਂ ਜੋ ਅਸਲੀ ਦੋਸ਼ੀਆਂ ਦੀ ਪਛਾਣ ਹੋ ਸਕੇ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ ਨਾ ਹੋਈ ਤਾਂ ਲੋਕਾਂ ਦਾ ਭਰੋਸਾ ਪ੍ਰਸ਼ਾਸਨ 'ਤੇ ਡਗਮਗਾ ਸਕਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ, ਤਾਂ ਜੋ ਇਨਸਾਫ਼ ਹੋ ਸਕੇ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ |