ਜਗਰਾਉਂ, 25 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਦਮਦਮਾ ਸਾਹਿਬ (ਨਾਨਕਸਰ) ਪਿੰਡ ਝੋਰੜਾਂ ਵਿਖੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਚੱਲ ਰਹੇ 26 ਰੋਜ਼ਾ ਸਮਾਗਮਾਂ ਤਹਿਤ ਅੱਜ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਗਿਆ | ਨਗਰ ਕੀਰਤਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਫੁੱਲਾਂ ਨਾਲ ਸਜੀ ਪਾਲਕੀ 'ਚ ਸੁਸ਼ੋਭਿਤ ਕੀਤੇ ਗਏ | ਇਹ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਨਾਨਕਸਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ | ਸਰੋਵਰ ਦੀ ਪਰਿਕਰਮਾਂ ਕਰਦਿਆਂ ਇਹ ਨਗਰ ਕੀਰਤਨ ਮੁੜ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ | ਵੱਖ-ਵੱਖ ਪੜਾਵਾਂ ਦੌਰਾਨ ਸੰਤ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜੱਥੇ ਤੋਂ ਇਲਾਵਾ ਢਾਡੀ, ਕਵੀਸ਼ਰੀ ਅਤੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਅਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੇ ਧਾਰਮਿਕ ਤੇ ਸਮਾਜਿਕ ਕਾਰਜਾਂ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਨਗਰ ਕੀਰਤਨ ਵਿਚ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਗੁਰਬਾਣੀ ਤੋਂ ਬਿਨ੍ਹਾਂ ਸਿੱਖ ਅਧੂਰਾ ਹੈ | ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਨੀਵਾਂ ਹੋ ਕੇ ਲੋਕਾਂ ਵਿਚ ਵਿਚਰਨਾ ਕੋਈ ਕਮਜ਼ੋਰੀ ਨਹੀਂ ਬਲਕਿ ਖੁਸ਼ਹਾਲੀ ਭਰਿਆ ਜੀਵਨ ਜਿਉਂਣ ਦੀ ਕਲਾ ਹੈ | ਹੰਕਾਰ ਇਨਸਾਨ ਨੂੰ ਤੋੜਦਾ ਹੈ ਜਦਕਿ ਨਿਮਰਤਾ ਹਰ ਸੰਕਟ 'ਚ ਪਾਰ ਲੰਘਾ ਦਿੰਦੀ ਹੈ | ਇਸ ਲਈ ਹਰ ਸਿੱਖ ਦਾ ਮਨ ਨੀਵਾਂ ਤੇ ਮੱਤ ਉੱਚੀ ਹੋਣੀ ਚਾਹੀਦੀ ਹੈ | ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਨਾਨਕਸਰ, ਸੰਤ ਬਾਬਾ ਜੋਰਾ ਸਿੰਘ ਬੱਧਨੀ, ਸੰਤ ਬਾਬਾ ਰਵਿੰਦਰ ਸਿੰਘ ਤਖਾਣਬੱਧ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਿਨਾਮ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਗੁਰਬਖਸ਼ ਸਿੰਘ ਬੱਧਨੀ, ਬਾਬਾ ਜਸਵਿੰਦਰ ਸਿੰਘ ਨੂਰਵਾਲ, ਬਾਬਾ ਹਰੀ ਸਿੰਘ ਹਰੀਕੇ ਪਤਨ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਨੇ ਪੂਰਾ ਜੀਵਨ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਇਸ ਮੌਕੇ ਸੰਤ ਬਾਬਾ ਲਖਵਿੰਦਰ ਸਿੰਘ ਰਾਜਸਥਾਨ, ਬਲਦੇਵ ਸਿੰਘ ਬੀੜਗਗੜਾ, ਹਰਚਰਨ ਸਿੰਘ ਤੂਰ ਨੇ ਦੱਸਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਚੱਲ ਰਹੇ ਸਮਾਗਮ 'ਚ ਪ੍ਰਕਾਸ਼ ਕਰਵਾਏ ਦੂਸਰੀ ਲੜ੍ਹੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ 26 ਮਾਰਚ 2026 ਸਵੇਰੇ 9 ਵਜੇ ਪੈਣਗੇ | ਇਸ ਉਪਰੰਤ ਸਮਾਪਤੀ ਸਮਾਗਮ ਹੋਵੇਗਾ, ਜਿਸ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ ਮਹਾਂਪੁਰਖ, ਕੀਰਤਨੀ ਜੱਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ ਆਦਿ ਸੰਸਥਾਵਾਂ ਦੇ ਆਗੂ ਪਹੁੰਚ ਕੇ ਸੰਗਤਾਂ ਦੇ ਦਰਸ਼ਨ ਕਰਨਗੇ | ਇਸ ਮੌਕੇ ਸ਼੍ਰੋਮਣੀ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਭਾਈ ਪ੍ਰਮਜੀਤ ਸਿੰਘ ਧਰਮਸਿੰਘਵਾਲਾ, ਭਾਈ ਮਨਦੀਪ ਸਿੰਘ, ਜਗਰਾਜ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ ਦੀਪਾ ਕਾਉਂਕੇ ਆਦਿ ਹਾਜ਼ਰ ਸਨ |