ਭੰਗਾਲਾ, 3 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਡੀ. ਐੱਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ (ਮੁਕੇਰੀਆਂ) ਦੀ ਚੌਥੀ ਜਮਾਤ ਦੀ ਹੋਣਹਾਰ ਵਿਦਿਆਰਥਣ ਹਮਰੀਨ ਕੌਰ ਨੇ ਬੈਡਮਿੰਟਨ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਸਕੂਲ ’ਚ ਖੁਸ਼ੀ ਦਾ ਮਾਹੌਲ ਹੈ। ਪ੍ਰਿੰਸੀਪਲ ਗੁਲਸ਼ਨ ਰਿਸ਼ੀਰਾਜ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਮਰੀਨ ਕੌਰ ਨੇ ਅੰਡਰ-11 ਵਰਗ ਦੇ ਬੈਡਮਿੰਟਨ ਮੁਕਾਬਲੇ ’ਚ ਬਲਾਕ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ, ਉਸ ਨੇ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਹਮਰੀਨ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ ਅਤੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਿਖਾਰਨ ਲਈ ਉਤਸ਼ਾਹਿਤ ਕਰਦੀ ਹੈ। ਹਮਰੀਨ ਕੌਰ ਦੀ ਮਾਤਾ ਹਰਜਿੰਦਰ ਕੌਰ ਜੋ ਖੁਦ ਭੀ ਇਕ ਤਜਰਬੇਕਾਰ ਅਧਿਆਪਕ ਹਨ ਅਤੇ ਉਨ੍ਹਾਂ ਦੀ ਮਿਹਨਤ ਅਤੇ ਲਗਣ ਕਰਕੇ ਹੀ ਹਮਰੀਨ ਕੌਰ ਨੇ ਇਸ ਮੰਜਿਲ ਨੂੰ ਹਾਸਲ ਕੀਤਾ ਹੈ। ਇਹ ਕਈ ਸਾਲਾ ਦੀ ਮਿਹਨਤ ਤੋਂ ਬਾਅਦ ਹੀ ਸਟੇਟ ਪੱਧਰ ਤਕ ਪਹੁੰਚਿਆ ਜਾ ਸਕਦਾ ਹੈ ਇਹ ਕਾਮਯਾਬੀ ਦਾ ਸਿਹਰਾ ਹਮਰੀਨ ਕੌਰ ਅਤੇ ਉਸ ਦੀ ਮਾਤਾ ਹਰਜਿੰਦਰ ਕੌਰ ਨੂੰ ਜਾਂਦਾ ਹੈ। ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਨੇ ਹਮਰੀਨ ਕੌਰ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇਂ ’ਚ ਵੀ ਆਪਣੀਆਂ ਪ੍ਰਾਪਤੀਆਂ ਨਾਲ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਉਂਦੀ ਰਹੇਗੀ।