ਹੁਸ਼ਿਆਰਪੁਰ, 17 ਅਗਸਤ (ਅ.ਬ.)- ਸਥਾਨਕ ਆਮਦਨ ਕਰ ਵਿਭਾਗ ਵੱਲੋਂ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਆਮਦਨ ਕਰ ਕਮਿਸ਼ਨਰ ਰਤਿੰਦਰ ਕੌਰ ਸਿੱਧੂ ਨੇ ਆਮਦਨ ਕਰ ਦਫਤਰ ਵਿਖੇ ਤਿਰੰਗਾ ਲਹਿਰਾਇਆ ਅਤੇ ਆਪਣੇ ਸੰਬੋਧਨ ਵਿਚ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਤਿਆਗ ਤੇ ਬਲਿਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਰਾਸ਼ਟਰ ਦੀ ਏਕਤਾ, ਅਖੰਡਤਾ ਤੇ ਸਨਮਾਨ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਹਾਜ਼ਰ ਸਟਾਫ ਨੂੰ ਸਮਾਜਿਕ ਤੇ ਭਾਈਚਾਰਕ ਸਾਂਝ ਦੀ ਭਾਵਨਾ ਬਣਾਈ ਰੱਖਣ ਲਈ ਪ੍ਰੇਰਨਾ ਦਿੱਤੀ। ਰਤਿੰਦਰ ਕੌਰ ਸਿੱਧੂ ਨੇ ਆਮਦਨ ਕਰ ਪਰਿਵਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਆਪਸੀ ਸਹਿਯੋਗ, ਬਰਾਬਰਤਾ ਤੇ ਇਕਜੁਟਤਾ ਨਾਲ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਹਾ ਤਾਂ ਜੋ ਵਿਭਾਗ ਆਪਣੇ ਟੀਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰ ਸਕੇ। ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੱਚਿਆਂ ਵੱਲੋਂ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗਮ ਦੇ ਅੰਤ ਵਿਚ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮਦਨ ਕਰ ਅਧਿਕਾਰੀ ਕਮਲ ਕਿਸ਼ੋਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।