ਮੁਕੇਰੀਆਂ, 13 ਅਗਸਤ (ਰਾਮਗੜ੍ਹੀਆ)- ਐਸ.ਪੀ.ਐਨ ਕਾਲਜ ਮੁਕੇਰੀਆਂ ਵਿਚ ਪੰਜਾਬੀ ਸੱਭਿਆਚਾਰ ਅਤੇ ਲੋਕ-ਵਿਰਸੇ ਦੀ ਅਮੀਰ ਵਿਰਾਸਤ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਵਿਚ ਵਰਸ਼ਾ ਸਵਰਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੀਨਾਕਸ਼ੀ ਆਨੰਦ, ਅਲਕਾ ਲਖਨਪਾਲ ਅਤੇ ਰੇਣੂ ਅਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਸਮਾਗਮ ਦੀ ਸ਼ੋਭਾ ਵਧਾਈ। ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਪੰਜਾਬੀ ਲੋਕ-ਵਿਰਸਾ ਸਾਡੀ ਸੱਭਿਆਚਾਰਕ ਪਛਾਣ ਦਾ ਅਨਿੱਖੜਵਾਂ ਅੰਗ ਹੈ। ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਨੇ ਸਮਾਗਮ ਵਿਚ ਸ਼ਾਮਿਲ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਅਧਿਆਪਕ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋਗਰਾਮ ਦੇ ਇੰਚਾਰਜ ਡਾ. ਕਿਰਨਜੀਤ ਕੌਰ ਨੇ ਤੀਜ ਦੇ ਇਤਿਹਾਸਕ ਅਤੇ ਸੱਭਿਆਚਾਰਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਸ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਤੀਜ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਸਾਉਣ ਮਹੀਨੇ ਦੀ ਰੌਣਕ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਰਵਾਇਤਾਂ, ਲੋਕ-ਗੀਤਾਂ, ਲੋਕ-ਨਾਚਾਂ ਤੇ ਵਿਰਾਸਤੀ ਕਦਰਾਂ-ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵਿਆਂ, ਗਿੱਧੇ, ਮਹਿੰਦੀ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬੀ ਲੋਕ-ਜੀਵਨ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਮੌਕੇ ਬੀ.ਕਾਮ 5ਵਾਂ ਸਮੈਸਟਰ ਦੀ ਵਿਦਿਆਰਥਣ ਸੰਜਨਾ ਨੂੰ ‘ਮਿਸ ਤੀਜ-2026’ ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਾਲ ਵੀ ਲਗਾਏ ਗਏ ਜਿਨ੍ਹਾਂ ਵਿੱਚ ਮਹਿੰਦੀ, ਕਰੋਸ਼ੀਏ ਨਾਲ ਤਿਆਰ ਕੀਤੀਆਂ ਹੱਥ-ਕਲਾਕਾਰੀ ਦੀਆਂ ਵਸਤੂਆਂ ਤੇ ਹੋਰ ਰਵਾਇਤੀ ਤੇ ਸਿਰਜਣਾਤਮਕ ਵਸਤਾਂ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਵਲੋਂ ਆਪਣੀ ਕਲਾ ਅਤੇ ਸਿਰਜਣਾਤਮਕਤਾ ਨੂੰ ਪੇਸ਼ ਕਰਦਿਆਂ ਲਗਾਏ ਗਏ ਇਨ੍ਹਾਂ ਸਟਾਲਾਂ ਨੂੰ ਮਹਿਮਾਨਾਂ ਤੇ ਹਾਜ਼ਰੀਨ ਵੱਲੋਂ ਭਰਪੂਰ ਸਰਾਹਨਾ ਮਿਲੀ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਅਨੁਰਾਧਾ ਤੇ ਡਾ. ਸੰਦੀਪ ਕੌਰ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਆਪਣੀ ਸੁਚੱਜੀ ਤੇ ਪ੍ਰਭਾਵਸ਼ਾਲੀ ਮੰਚ ਸੰਚਾਲਨ ਕਲਾ ਰਾਹੀਂ ਸਮੁੱਚੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਨਿਧੀ ਸੂਦ ਨੇ ਕਾਲਜ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਤੇ ਕਾਲਜ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ।