ਦਸੂਹਾ, 23 ਜੁਲਾਈ (ਭੁੱਲਰ)- ਉੱਘੇ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਤੇ ਦਰਿਆਵਾਂ ਦਾ ਪਾਣੀ ਗੰਧਲਾ ਹੋਣ ਕਾਰਨ ਕੈਂਸਰ ਤੇ ਕਾਲਾ ਪੀਲੀਆ ਕੌੜੀ ਵੇਲ ਵਾਂਗ ਵਧ ਰਿਹਾ ਹੈ ਤੇ ਸਹਿਜੇ ਹੀ ਲੋਕ ਇਸ ਦੀ ਪਕੜ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਧਰਤੀ ਹੇਠਲਾ ਪਾਣੀ ਤੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਸਿੱਟੇ ਵਜੋਂ ਕੈਂਸਰ ਤੇ ਕਾਲਾ ਪੀਲੀਆ ਬੁਰੀ ਤਰ੍ਹਾਂ ਨਾਲ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਧਲੇ ਪਾਣੀ ਦੀ ਵਜ੍ਹਾ ਨਾਲ ਲੋਕ ਪ੍ਰਭਾਵਿਤ ਹੋ ਰਹੇ ਹਨ ਤੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਬੋਦਲ, ਬੋਦਲ ਛਾਉਣੀ ਤੇ ਪਿੰਡ ਬੇਰਸ਼ਾ ਦੇ ਅਨੇਕਾਂ ਵਿਅਕਤੀ ਕੈਂਸਰ ਦੀ ਬਿਮਾਰੀ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਜੋ ਕਿ ਬਹੁਤ ਭਾਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਆਉਣ ਵਾਲੇ ਸਮੇਂ ਵਿਚ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਜਲਦੀ ਹੀ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਵਲੋਂ ਇਸ ਸਬੰਧੀ ਲਾਮਬੰਦੀ ਵੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਮਾਂਗਟ ਨੇ ਕਿਹਾ ਕਿ ਹਰ ਘਰ ਨੂੰ ਪੀਣ ਵਾਲੇ ਸਾਫ਼ ਪਾਣੀ ਮਿਲਣਾ ਚਾਹੀਦਾ ਹੈ ਕਿਉਂਕਿ ਲੋਕ ਨਿਰੋਗ ਹੋਣਗੇ ਤੇ ਪੰਜਾਬ ਵੀ ਤੰਦਰੁਸਤ ਹੋਵੇਗਾ। ਸਿੱਟੇ ਵਜੋਂ ਪੰਜਾਬ ਤੇ ਭਾਰਤ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।