ਹੁਸ਼ਿਆਰਪੁਰ, 23 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਤਿੰਨ ਪਿੰਡਾਂ ਬ੍ਰਹਮਜੀਤ, ਅਖਲਾਸਪੁਰ ਤੇ ਸੱਜਣਾਂ ਦੀ ਕਰਵਾਈ ਗਈ ਸਾਂਝੀ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਲਦ ਹੱਲ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਮੁੱਖ ਮੰਤਰੀ ਮੇਰੀ ਰਸੋਈ ਸਕੀਮ ਤਹਿਤ ਤਿੰਨਾਂ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਤੇ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ ਤਾਂ ਜੋ ਹਰ ਯੋਗ ਪਰਿਵਾਰ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਾਰਦਰਸ਼ੀ ਅਤੇ ਸਿੱਧੇ ਤੌਰ ‘ਤੇ ਪਹੁੰਚ ਸਕੇ। ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਉਨ੍ਹਾਂ ਜਰੂਰਤਮੰਦ ਪਰਿਵਾਰਾਂ ਦੇ ਕਾਰਡ ਵੀ ਬਣਾ ਦਿੱਤੇ ਜਾਣਗੇ ਜਿਨ੍ਹਾਂ ਦੇ ਅੱਜ ਤੱਕ ਕਾਰਡ ਨਹੀਂ ਬਣੇ ਸਨ। ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਭਲਾਈ ਨੂੰ ਸਮਰਪਿਤ ਹੈ ਅਤੇ ਸਰਕਾਰ ਦਾ ਉਦੇਸ਼ ਸਮਾਜ ਦੇ ਹਰ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣਾ ਹੈ। ਇਸ ਦੌਰਾਨ ਪੰਚਾਇਤਾਂ ਵੱਲੋਂ ਸਰਪੰਚ ਪਰਵਿੰਦਰ ਸਿੰਘ ਸੱਜਣ, ਸਰਪੰਚ ਪ੍ਰਵੀਨ ਕੁਮਾਰੀ ਤੇ ਸਰਪੰਚ ਹਰਦੀਪ ਸਿੰਘ ਦੀਪਾ ਦੀ ਅਗਵਾਈ ਹੇਠ ਡਾ. ਰਵਜੋਤ ਸਿੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਮੋਹਨ ਲਾਲ, ਅਵਤਾਰ ਸਿੰਘ, ਹਰਮੇਸ਼ ਸਿੰਘ, ਗਿਆਨੋ ਦੇਵੀ, ਹੰਸ ਰਾਜ ਆਦਿ ਮੌਜੂਦ ਸਨ।