13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਹਾਜੀਪੁਰ ਪੰਚਾਇਤ ਨੇ ਨਵੀਂ ਬਣੀ ਸੜਕ ਦੇ ਕਿਨਾਰੇ ਪੁੱਟ ਕੇ ਪਾਈ ਪਾਈਪ ਲਾਈਨ, ਲੋਕਾਂ ’ਚ ਪਾਇਆ ਜਾ ਰਿਹਾ ਭਾਰੀ ਰੋਸ

ਅਜੀਤ ਡੈਸਕ 20-07-2026

ਹਾਜੀਪੁਰ, 19 ਜੁਲਾਈ (ਪੁਨੀਤ ਭਾਰਦਵਾਜ)- ਹਾਜੀਪੁਰ-ਭਵਨਾਲ ਸੜਕ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਤਰਸ ਯੋਗ ਬਣੀ ਹੋਈ ਸੀ। ਇਸ ਸੜਕ ਨੂੰ ਲੈ ਕੇ ਲੋਕਾਂ ਵਲੋਂ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਗਏ। ਲੋਕਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਹੁਣ ਜਾ ਕੇ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ। ਉਕਤ ਸੜਕ ਨੂੰ ਬਣੇ ਹਜੇ ਕੁੱਝ ਹੀ ਦਿਨ ਹੋਏ ਹਨ ਕੇ ਹਾਜੀਪੁਰ ਪੰਚਾਇਤ ਵਲੋਂ ਉਕਤ ਸੜਕ ਦੇ ਬਿਲਕੁਲ ਨਾਲ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਉਣ ਲਈ ਸੜਕ ਦੇ ਕਿਨਾਰੇ ਪੁੱਟ ਕੇ ਉੱਥੇ ਪਾ ਦਿੱਤੀ ਗਈ ਤੇ ਮਿੱਟੀ ਸੜਕ ’ਚ ਛੱਡ ਦਿੱਤੀ ਗਈ। ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਹਾਜੀਪੁਰ ਪੰਚਾਇਤ ਵੱਲੋਂ ਕੁੱਝ ਮਹੀਨੇ ਪਹਿਲਾਂ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਦੇ ਹੱਲ ਦੇ ਵਾਸਤੇ ਡੀਪ ਬੋਰ ਕਰਵਾਇਆ ਗਿਆ ਸੀ ਤੇ ਉਕਤ ਸੜਕ ’ਤੇ ਲਗਭਗ ਤਿੰਨ ਮਹੀਨੇ ਗਟਕਾ ਪਿਆ ਰਿਹਾ, ਉਸ ਸਮੇਂ ਵਿਚ ਹਾਜੀਪੁਰ ਦੀ ਪੰਚਾਇਤ ਨੂੰ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਉਣ ਦੀ ਯਾਦ ਨਹੀਂ ਆਈ ਪਰ ਜਿਵੇਂ ਹੀ ਸੜਕ ਬਣ ਕੇ ਤਿਆਰ ਹੋਈ ਅਗਲੇ ਦਿਨ ਹੀ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲੋਕਾਂ ਵਿਚ ਪੰਚਾਇਤ ਦੇ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਸੜਕ ਤੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪੰਚਾਇਤ ਇੰਨੇ ਦਿਨ ਕਿੱਥੇ ਸੀ, ਜਦੋਂ ਇਹ ਸੜਕ ’ਤੇ ਕਿੰਨੇ ਮਹੀਨੇ ਗਟਕਾ ਪਿਆ ਰਿਹਾ ਤਾਂ ਪੰਚਾਇਤ ਨੂੰ ਪਾਈਪ ਵਿਛਾਉਣ ਦੀ ਯਾਦ ਨਹੀਂ ਆਈ। ਲੋਕਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਿਲ ਨਾਲ ਇਹ ਸੜਕ ਬਣੀ ਹੈ ਪਰ ਹੁਣ ਇਹ ਸੜਕ ਇੱਥੋਂ ਟੁੱਟਣੀ ਸ਼ੁਰੂ ਹੋ ਜਾਵੇਗੀ। ਲੋਕਾਂ ਦਾ ਕਹਿਣਾ ਹੈ ਕਿ ਸੜਕ ਵਿਭਾਗ ਸੜਕ ਨੂੰ ਬਣਾ ਤਾਂ ਦਿੰਦਾ ਹੈ ਪਰ ਉਸ ਦੀ ਦੇਖਭਾਲ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਸੰਬੰਧ ਵਿਚ ਪੀ. ਡਬਲਯੂ ਡੀ ਵਿਭਾਗ ਦੇ ਐਸ.ਡੀ.ਓ. ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਪੰਚਾਇਤ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਹਰਜਾਨਾ ਵੀ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਸੜਕ ’ਤੇ ਕਿੰਨੇ ਮਹੀਨੇ ਗਟਕਾ ਪਿਆ ਰਿਹਾ ਤੇ ਪੰਚਾਇਤ ਨੇ ਉਸ ਸਮੇਂ ਪਾਈਪ ਵਿਛਾਉਣ ਦਾ ਕੰਮ ਨਹੀਂ ਕਰਵਾਇਆ, ਹੁਣ ਜਿਵੇਂ ਹੀ ਸੜਕ ਬਣ ਕੇ ਤਿਆਰ ਹੋ ਗਈ ਤੇ ਸੜਕ ਦੇ ਕਿਨਾਰੇ ਨੂੰ ਪੁੱਟ ਕੇ ਪਾਈਪ ਵਿਛਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਵਿਭਾਗ ਬਹੁਤ ਗੰਭੀਰ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਪਿੰਡ ਠੀਡਾਂ ਵਾਲੀ ਸੜਕ ’ਤੇ ਪਾਏ ਵੱਟੇ ਖਿੱਲਰੇ, ਸੜਕ ਦਾ ਮੰਦਾ ਹਾਲ ਅਗਲੀ ਖ਼ਬਰ ਡਾ. ਅਰੁਣਾ ਰਾਣੀ ਨੇ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫ਼ਗਾਨਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।