12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨਗਰ ਨਿਗਮ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਬੰਦ

ਅਜੀਤ ਡੈਸਕ 04-07-2026
ਹੁਸ਼ਿਆਰਪੁਰ, 3 ਜੁਲਾਈ (ਹਰਪ੍ਰੀਤ ਕੌਰ) - ਹੁਸ਼ਿਆਰਪੁਰ ਨਗਰ ਨਿਗਮ ਦੀਆਂ 5 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ ਬੰਦ ਹੋ ਗਿਆ। ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਪੂਰਾ ਜ਼ੋਰ ਲਗਾਇਆ ਗਿਆ। ਸਵੱਖਤੇ ਹੀ ਚੋਣ ਪ੍ਰਚਾਰ ਪਾਰਟੀਆਂ ਵਾਰਡਾਂ ਦਾ ਦੌਰਾ ਕਰਨ ਲਈ ਨਿਕਲ ਆਈਆਂ। ਸਾਰਾ ਦਿਨ ਗਲੀਆਂ, ਬਜ਼ਾਰਾਂ ’ਚ ਚੋਣ ਪ੍ਰਚਾਰਕ ਗੇੜੇ ਮਾਰਦੇ ਰਹੇ। ਇਸ ਵਾਰ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਵੀ ਉਮੀਦਵਾਰਾਂ ਨੇ ਵੋਟਰਾਂ ਨਾਲ ਸੰਪਰਕ ਬਣਾਈ ਰੱਖਿਆ। ਸ਼ਹਿਰ ਦੇ 50 ਵਾਰਡਾਂ ਲਈ 219 ਉਮੀਦਵਾਰ ਚੋਣ ਮੈਦਾਨ ਵਿਚ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੇ ਵਾਰਡਾਂ ’ਚ ਚੋਣ ਲੜ ਰਹੀਆਂ ਹਨ ਜਦੋਂਕਿ ਭਾਜਪਾ ਨੇ 47 ਅਤੇ ਸ਼੍ਰੋਮਣੀ ਅਕਾਲੀ ਦਲ ਨੇ 37 ਵਾਰਡਾਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਟਿਕਟ ਨਾ ਮਿਲਣ ਕਾਰਨ ਕਈ ਬਾਗੀ ਵੀ ਚੋਣ ਮੈਦਾਨ ਵਿਚ ਹਨ। ਭਾਜਪਾ ਨੇ ਅਨੁਸ਼ਾਸਨਹੀਣਤਾ ਦੇ ਅਾਧਾਰ ’ਤੇ ਸਾਬਕਾ ਕੌਂਸਲਰ ਗੁਰਪ੍ਰੀਤ ਕੌਰ ਤੇ ਕੁੱਝ ਹੋਰ ਆਗੂਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਪਿਛਲੀਆਂ ਚੋਣਾਂ ’ਚ ਕਾਂਗਰਸ ਨੇ ਬਹੁਮਤ ਹਾਸਲ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਇਸ ਦਾ ਦਬਦਬਾ ਹੋ ਗਿਆ ਤਾਂ ਕਾਂਗਰਸ ਦੇ ਕਈ ਕੌਂਸਲਰ ‘ਆਪ’ ’ਚ ਸ਼ਾਮਿਲ ਹੋ ਗਏ ਸਨ। ਇਨ੍ਹਾਂ ਕੌਂਸਲਰਾਂ ਨੂੰ ਹੁਕਮਰਾਨ ਪਾਰਟੀ ਨਾਲ ਹੱਥ ਮਿਲਾਉਣਾ ਕਾਫ਼ੀ ਹੱਦ ਤੱਕ ਰਾਸ ਆ ਗਿਆ ਕਿਉਂਕਿ ਇਨ੍ਹਾਂ ਦੇ ਵਾਰਡਾਂ ਵਿਚ ਸੜਕਾਂ ਆਦਿ ਦੇ ਕੰਮ ਹੋ ਗਏ। ਵਿਰੋਧੀ ਪਾਰਟੀਆਂ ਦੇ ਕੌਸਲਰਾਂ ਦੇ ਪੱਲੇ ਜ਼ਿਆਦਾ ਫ਼ੰਡ ਨਹੀਂ ਪਏ। ਪਿਛਲੇ 5 ਸਾਲਾਂ ਦੌਰਾਨ ਸ਼ਹਿਰਵਾਸੀ ਦੁਨਿਆਵੀ ਸਹੂਲਤਾਂ ਦੀ ਘਾਟ ਨਾਲ ਉਵੇਂ ਹੀ ਜੂਝਦੇ ਰਹੇ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਜੂਝਦੇ ਰਹੇ। 2-3 ਮਹੀਨੇ ਪਹਿਲਾਂ ਨਿਗਮ ਵਲੋਂ ਮੁੱਖ ਸੜਕਾਂ ਬਣਵਾ ਦਿੱਤੀਆਂ ਗਈਆਂ ਪਰ ਕਈ ਮੁਹੱਲਿਆਂ ’ਚ ਸਥਿਤੀ ਅਜੇ ਵੀ ਤਰਸਯੋਗ ਹੈ। ਸੜਕਾਂ ’ਤੇ ਅਣਅਧਿਕਾਰਤ ਕਬ਼ਜਿਆਂ ਦੀ ਸਮੱਸਿਐ ਪਹਿਲਾਂ ਨਾਲੋਂ ਵੀ ਵਧ ਗਈ ਹੈ। ਚੋਣਾਂ ਸਿਰ ’ਤੇ ਹੋਣ ਕਰਕੇ ਪਿਛਲੇ ਕੁੱਝ ਅਰਸੇ ਤੋਂ ਕਬਜ਼ੇ ਹਟਾਉਣ ਦੀ ਜੋ ਰਸਮੀ ਕਾਰਵਾਈ ਕੀਤੀ ਜਾਂਦੀ ਹੈ, ਉਹ ਵੀ ਨਹੀਂ ਕੀਤੀ ਗਈ ਤਾਂ ਜੋ ਵੋਟਰ ਨਾਰਾਜ਼ ਨਾ ਹੋਣ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਸ਼ਹਿਰ ਦੀ ਸਥਿਤੀ ’ਚ ਕਿਸੇ ਪੱਖੋਂ ਬਹੁਤਾ ਸੁਧਾਰ ਨਹੀਂ ਹੋਇਆ ਇਸ ਦੇ ਬਾਵਜੂਦ ਸੱਤਾਰੂੜ ਪਾਰਟੀ ਦੇ ਆਗੂਆਂ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਦੇ ਹੱਕ ਵਿਚ ਭੁਗਤਣਗੇ ਕਿਉਂਕਿ ਸੂੂਬੇ ’ਚ ਅਜੇ ਵੀ ਉਨ੍ਹਾਂ ਦੀ ਸਰਕਾਰ ਹੈ।
ਪਿਛਲੀ ਖ਼ਬਰ ਨੰਬਰਦਾਰਾਂ ਦਾ 3 ਮਹੀਨੇ ਦਾ ਮਾਣ ਭੱਤਾ ਜਾਰੀ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਸੰਬੰਧੀ ਭਾਰਤੀ ਜਨਤਾ ਪਾਰਟੀ ਵਲੋਂ ਸੰਕਲਪ ਪੱਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।